Bathinda News: ਬਠਿੰਡਾ ਦਿਹਾਤੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਿਤ ਰਤਨ ਨੂੰ ਮਾਣਯੋਗ ਅਦਾਲਤ ਨੇ 2 ਮਾਰਚ ਤੱਕ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ। ਵਿਜੀਲੈਂਸ ਵੱਲੋਂ ਆਮ ਆਦਮੀ ਪਾਰਟੀ ਦੇ ਐਮਐਲਏ ਅੰਮ੍ਰਿਤ ਰਤਨ ਨੂੰ ਅਦਾਲਤ 'ਚ ਦਲਜੀਤ ਕੌਰ ਜੱਜ ਸਾਹਮਣੇ ਪੇਸ਼ ਕੀਤਾ ਗਿਆ ਸੀ, ਜਿੱਥੇ ਵਿਜੀਲੈਂਸ ਨੂੰ 2 ਮਾਰਚ ਤੱਕ ਪੁਲੀਸ ਰਿਮਾਂਡ ਹਾਸਿਲ ਹੋਇਆ ਹੈ। ਇਸ ਤੋਂ ਪਹਿਲਾਂ ਅਦਾਲਤ ਨੇ 27 ਫਰਵਰੀ ਤੱਕ ਪੁਲਿਸ ਰਿਮਾਂਡ 'ਤੇ ਭੇਜਿਆ ਸੀ।
ਇਸ ਤੋਂ ਪਹਿਲਾਂ ਅਮਿਤ ਰਤਨ ਦੇ ਨਜ਼ਦੀਕੀ ਰਿਸ਼ਮ ਗਰਗ ਵੱਲੋਂ ਪਿੰਡ ਘੁੱਦਾ ਦੀ ਮਹਿਲਾ ਸਰਪੰਚ ਸੀਮਾ ਰਾਣੀ ਦੇ ਪਤੀ ਤੋਂ ਕਥਿਤ ਤੌਰ 'ਤੇ 4 ਲੱਖ ਰੁਪਏ ਰਿਸ਼ਵਤ ਲੈਣ ਦੇ ਮਾਮਲੇ ਵਿੱਚ ਵਿਜੀਲੈਂਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ। ਰਿਸ਼ਮ ਦੀ ਗ੍ਰਿਫਤਾਰੀ ਵੇਲੇ ਵਿਧਾਇਕ ਵੀ ਉੱਥੇ ਹੀ ਮੌਜੂਦ ਸੀ ਪਰ ਉਸ ਵੇਲੇ ਉਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਸੀ। ਵਿਧਾਇਕ ਦੀ ਇਸ ਮਾਮਲੇ ਵਿੱਚ ਗ੍ਰਿਫਤਾਰੀ ਨਾ ਹੋਣ ਕਰਕੇ ਵਿਰੋਧੀ ਧਿਰਾਂ ਵੱਲੋਂ ਸਰਕਾਰ 'ਤੇ ਲਗਾਤਾਰ ਨਿਸ਼ਾਨੇ ਵਿਨ੍ਹੇ ਜਾ ਰਹੇ ਸੀ। ਇਸ ਚਲਦੇ ਮਾਮਲੇ ਦੌਰਾਨ ਇੱਕ ਆਡੀਓ ਵਾਇਰਲ ਹੋਈ ਸੀ ,ਜਿਸ ਵਿੱਚ ਪੈਸਿਆਂ ਦੇ ਲੈਣ ਦੇਣ ਦੀ ਗੱਲ ਕੀਤੀ ਜਾ ਰਹੀ ਸੀ।
ਇਹ ਵੀ ਪੜ੍ਹੋ : ਰਵਨੀਤ ਬਿੱਟੂ ਨੂੰ ਬੰਬ ਨਾਲ ਉਡਾਉਣ ਦੀ ਧਮਕੀ,ਕਿਹਾ ਜੇ ਅੰਮ੍ਰਿਤਪਾਲ ਦੇ ਖ਼ਿਲਾਫ਼ ਬੋਲਿਆ ਤਾਂ ਹੋਵੇਗਾ ਦਾਦੇ ਵਾਲੇ ਹਾਲ
ਦੱਸ ਦਈਏ ਕਿ ਵਿਜੀਲੈਂਸ ਨੇ ਜਾਂਚ ਤੋਂ ਬਾਅਦ 23 ਫਰਵਰੀ ਨੂੰ ਵਿਧਾਇਕ ਅਮਿਤ ਰਤਨ ਨੂੰ ਰਿਸ਼ਵਤ ਲੈਣ ਦੇ ਮਾਮਲੇ ਵਿੱਚ ਗਿ੍ਫ਼ਤਾਰ (AAP MLA Amit Ratan arrested) ਕੀਤਾ ਸੀ। ਵਿਧਾਇਕ ਦੇ ਪੀਏ ਨੂੰ ਪੰਜਾਬ ਵਿਜੀਲੈਂਸ ਨੇ ਕੁਝ ਦਿਨ ਪਹਿਲਾਂ ਬਠਿੰਡਾ ਵਿਚ ਚਾਰ ਲੱਖ ਸਮੇਤ ਗਿ੍ਫ਼ਤਾਰ ਕਰ ਲਿਆ ਸੀ। ਵਿਜੀਲੈਂਸ ਵੱਲੋਂ ਰਿਸ਼ਵਤ ਕਾਂਡ ਨਾਲ ਸਬੰਧਤ ‘ਕਾਲ ਰਿਕਾਰਡ’ ਫੋਰੈਂਸਿਕ ਜਾਂਚ ਲਈ ਮੁਹਾਲੀ ਭੇਜਿਆ ਗਿਆ ਸੀ, ਜਿੱਥੋਂ ਕਾਲ ਵਿਚਲੀ ਆਵਾਜ਼ ਵਿਧਾਇਕ ਅਮਿਤ ਰਤਨ ਦੀ ਹੋਣ ਬਾਰੇ ਪੁਸ਼ਟੀ ਹੋ ਗਈ ਸੀ।
ਮੁੱਖ ਮੰਤਰੀ ਨੇ ਲੈਬ ਰਿਪੋਰਟ ਮਗਰੋਂ ਵਿਜੀਲੈਂਸ ਨੂੰ ਵਿਧਾਇਕ ਖ਼ਿਲਾਫ਼ ਫੌਰੀ ਕਾਰਵਾਈ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਸਨ। ਇਸ ਮਗਰੋਂ ਵਿਜੀਲੈਂਸ ਨੇ ਉੱਚ ਅਫਸਰਾਂ ਤੋਂ ਮਿਲੀ ਪ੍ਰਵਾਨਗੀ ਤਹਿਤ ਵਿਧਾਇਕ ਅਮਿਤ ਰਤਨ ਨੂੰ ਰਾਜਪੁਰਾ ਨੇੜਿਓਂ ਗ੍ਰਿਫਤਾਰ ਕਰ ਲਿਆ ਸੀ। ਦੱਸਣਯੋਗ ਹੈ ਕਿ ਅਮਿਤ ਰਤਨ ਨੇ 2022 ਦੀਆਂ ਚੋਣਾਂ ਵਿਚ ਆਪਣੇ ਪਰਿਵਾਰ ਦੀ 2.64 ਕਰੋੜ ਦੀ ਚੱਲ ਅਚੱਲ ਸੰਪਤੀ ਨਸ਼ਰ ਕੀਤੀ ਹੈ।