ਫਰਵਰੀ 'ਚ ਹੋਏਗਾ ਪ੍ਰੋਫੈਸਰ ਬਲਜਿੰਦਰ ਕੌਰ ਦਾ ਵਿਆਹ, ਕੇਜਰੀਵਾਲ ਵੀ ਆਉਣਗੇ
ਏਬੀਪੀ ਸਾਂਝਾ | 10 Jan 2019 01:51 PM (IST)
ਅੰਮ੍ਰਿਤਸਰ: ਤਲਵੰਡੀ ਸਾਬੋ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਪ੍ਰੋਫੈਸਰ ਬਲਜਿੰਦਰ ਕੌਰ ਤੇ 'ਆਪ' ਦੇ ਮਾਝਾ ਜ਼ੋਨ ਦੇ ਯੂਥ ਵਿੰਗ ਪ੍ਰਧਾਨ ਸੁਖਰਾਜ ਸਿੰਘ ਬੱਲ ਦਾ ਵਿਆਹ ਫਰਵਰੀ ਵਿੱਚ ਹੋਏਗਾ। ਇਸ ਬਾਰੇ ਦੋਵਾਂ ਦੇ ਪਰਿਵਾਰ ਵਿਚਾਰ-ਵਟਾਂਦਰਾ ਕਰ ਰਹੇ ਹਨ। ਸੁਖਰਾਜ ਸਿੰਘ ਬੱਲ ਨੇ ਦੱਸਿਆ ਕਿ 16 ਤੋਂ 20 ਫਰਵਰੀ ਵਿਚਾਲੇ ਕੋਈ ਤਰੀਕ ਤੈਅ ਕੀਤੀ ਜਾ ਸਕਦੀ ਹੈ। ਇਸ ਲਈ ਪਰਿਵਾਰਾ ਵੱਲੋਂ ਬਕਾਇਦਾ ਵਿਚਾਰ ਕੀਤਾ ਜਾ ਰਿਹਾ ਹੈ। ਇਸ ਦਾ ਛੇਤੀ ਹੀ ਐਲਾਨ ਕਰ ਦਿੱਤਾ ਜਾਵੇਗਾ। ਆਮ ਆਦਮੀ ਪਾਰਟੀ ਦੇ ਮਾਝਾ ਜ਼ੋਨ ਦੇ ਇੰਚਾਰਜ ਰਾਜ ਸਿੰਘ ਬੱਲ ਨੇ ਦੱਸਿਆ ਕਿ ਦੋਵਾਂ ਪਰਿਵਾਰਾਂ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਆਈ ਤਰੀਕ ਤੈਅ ਕੀਤੀ ਜਾਵੇਗੀ। ਇਹ ਲਗਪਗ ਤੈਅ ਹੈ ਕਿ ਵਿਆਹ ਫਰਵਰੀ ਦੇ ਮਹੀਨੇ ਵਿੱਚ ਹੋਵੇਗਾ। ਉਨ੍ਹਾਂ ਦੱਸਿਆ ਕਿ ਵਿਆਹ ਵਿੱਚ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ ਤੋਂ ਇਲਾਵਾ ਹੋਰ ਲੀਡਰ ਸ਼ਾਮਲ ਹੋਣਗੇ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਦੋਵਾਂ ਦੇ ਪਰਿਵਾਰ ਕੇਜਰੀਵਾਲ ਤੋਂ ਸਮਾਂ ਮਿਲਣ ਮਗਰੋਂ ਹੀ ਵਿਆਹ ਦੀ ਤਰੀਕ ਦਾ ਐਲਾਨ ਕਰਨਗੇ। ਆਮ ਆਦਮੀ ਪਾਰਟੀ ਦੇ ਇਹ ਤੀਸਰੇ ਵਿਧਾਇਕ ਹਨ ਜੋ ਵਿਧਾਇਕ ਬਣਨ ਮਗਰੋਂ ਵਿਆਹ ਕਰਵਾਉਣ ਜਾ ਰਹੇ ਹਨ। ਇਸ ਤੋਂ ਪਹਿਲਾਂ ਵਿਧਾਇਕ ਪਿਰਮਿਲ ਸਿੰਘ ਤੇ ਰੁਪਿੰਦਰ ਕੌਰ ਰੂਬੀ ਵਿਆਹ ਕਰਵਾ ਚੁੱਕੇ ਹਨ।