ਚੰਡੀਗੜ੍ਹ: ਕਾਂਗਰਸ ਸਰਕਾਰ ਆਪਣੇ ਮੰਤਰੀਆਂ ਵੱਲੋਂ ਨਵੇਂ ਚੁਣੇ ਪੰਚਾਂ-ਸਰਪੰਚਾਂ ਨੂੰ ਸਹੁੰ ਚੁਕਾ ਕੇ ਸਿਆਸੀ ਲਾਹਾ ਲੈਣ ਦੇ ਰੌਂਅ ਵਿੱਚ ਹੈ ਪਰ ‘ਪਿੰਡ ਬਚਾਓ ਪੰਜਾਬ ਬਚਾਓ’ ਕਮੇਟੀ ਨੇ ਇਸ ਉੱਪਰ ਸਵਾਲ ਉਠਾਏ ਹਨ। ਕਮੇਟੀ ਨੇ ਪੰਜਾਬ ਸਰਕਾਰ ਦੇ ਮੰਤਰੀਆਂ ਵੱਲੋਂ ਪੰਚਾਂ-ਸਰਪੰਚਾਂ ਨੂੰ ਸਹੁੰ ਚੁਕਾਉਣ ਦੇ ਅਮਲ ਦੀ ਨਿਖੇਧੀ ਕੀਤੀ ਹੈ, ਕਿਉਂਕਿ ਪੰਜਾਬ ਪੰਚਾਇਤ ਕਾਨੂੰਨ ਤਹਿਤ ਸਹੁੰ ਬੀਡੀਪੀਓ ਨੇ ਚੁਕਾਉਣੀ ਹੁੰਦੀ ਹੈ।
ਮੌਜੂਦਾ ਅਮਲ ਦੀ ਕਾਰਵਾਈ ਨੂੰ ਜਮਹੂਰੀਅਤ ਵਿੱਚ ਨਾਜਾਇਜ਼ ਦਾਖ਼ਲਅੰਦਾਜ਼ੀ ਕਰਾਰ ਦਿੰਦੇ ਹੋਏ ਇਸ ਅਮਲ ’ਤੇ ਰੋਕ ਲਾਉਣ ਦੀ ਮੰਗ ਕੀਤੀ ਹੈ। ਯਾਦ ਰਹੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਕੈਬਨਿਟ ਮੰਤਰੀ ਪੰਜਾਬ ਦੇ ਨਵੇਂ ਚੁਣੇ ਪੰਚਾਂ-ਸਰਪੰਚਾਂ, ਪੰਚਾਇਤ ਸਮਿਤੀਆਂ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰਾਂ ਨੂੰ ਸਹੁੰ ਚੁਕਾਉਣਗੇ। ਇਸ ਲਈ ਬਕਾਇਦਾ 11 ਤੇ 12 ਜਨਵਰੀ ਨੂੰ ਜ਼ਿਲ੍ਹਾ ਪੱਧਰ ਉੱਤੇ ਸਮਾਗਮ ਕਰਵਾਏ ਜਾਣਗੇ। ਰਾਜ ਦੇ 15 ਜ਼ਿਲ੍ਹਿਆਂ ਦੇ ਨੁਮਾਇੰਦਿਆਂ ਨੂੰ 11 ਜਨਵਰੀ ਨੂੰ ਤੇ 7 ਜ਼ਿਲ੍ਹਿਆਂ ਦੇ ਨੁਮਾਇੰਦਿਆਂ ਨੂੰ 12 ਜਨਵਰੀ ਨੂੰ ਸਹੁੰ ਚੁਕਾਈ ਜਾਵੇਗੀ।
ਹਾਸਲ ਜਾਰੀ ਵੇਰਵਿਆਂ ਮੁਤਾਬਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 11 ਜਨਵਰੀ ਨੂੰ ਪਟਿਆਲਾ ਤੇ ਫਤਹਿਗੜ੍ਹ ਸਾਹਿਬ ਜ਼ਿਲ੍ਹਿਆਂ ਦੇ ਪੰਚਾਇਤੀ ਨੁਮਾਇੰਦਿਆਂ ਨੂੰ ਅਹੁਦੇ ਦੀ ਸਹੁੰ ਚੁਕਾਉਣਗੇ। ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ 11 ਜਨਵਰੀ ਨੂੰ ਲੁਧਿਆਣਾ ਵਿੱਚ ਪੰਚਾਂ-ਸਰਪੰਚਾਂ ਤੇ ਪੰਚਾਇਤੀ ਸੰਸਥਾਵਾਂ ਦੇ ਮੈਂਬਰਾਂ ਦੇ ਸਹੁੰ ਚੁੱਕ ਸਮਾਗਮ ਵਿੱਚ ਸ਼ਿਰਕਤ ਕਰਨਗੇ।
ਪੰਜਾਬ ਦੇ ਬਾਕੀ ਕੈਬਨਿਟ ਮੰਤਰੀਆਂ ਦੀਆਂ ਵੀ ਜ਼ਿਲ੍ਹਾ ਪੱਧਰੀ ਸਮਾਰੋਹਾਂ ਲਈ ਡਿਊਟੀਆਂ ਲਈ ਲਾਈਆਂ ਗਈਆਂ ਹਨ। ਹਾਸਲ ਜਾਣਕਾਰੀ ਅਨੁਸਾਰ 11 ਜਨਵਰੀ ਨੂੰ ਹੋਣ ਵਾਲੇ ਸਹੁੰ-ਚੁੱਕ ਸਮਾਰੋਹ ਤਹਿਤ ਅੰਮ੍ਰਿਤਸਰ ਵਿਚ ਸੁਖਜਿੰਦਰ ਸਿੰਘ ਰੰਧਾਵਾ, ਪਠਾਨਕੋਟ ਵਿੱਚ ਅਰੁਣਾ ਚੌਧਰੀ, ਨਵਾਂ ਸ਼ਹਿਰ ਵਿੱਚ ਚਰਨਜੀਤ ਸਿੰਘ ਚੰਨੀ, ਕਪੂਰਥਲਾ ਵਿੱਚ ਸੁੰਦਰ ਸ਼ਾਮ ਅਰੋੜਾ, ਬਰਨਾਲਾ ਤੇ ਮਾਨਸਾ ਵਿੱਚ ਸਵੇਰੇ ਗਿਆਰਾਂ ਤੇ ਤਿੰਨ ਵਜੇ ਰਜ਼ੀਆ ਸੁਲਤਾਨਾ, ਮੋਗਾ ਵਿੱਚ ਭਰਤ ਭੂਸ਼ਨ ਆਸ਼ੂ, ਫਰੀਦਕੋਟ ਰਾਣਾ ਗੁਰਮੀਤ ਸਿੰਘ ਸੋਢੀ, ਤਰਨ ਤਾਰਨ ਵਿੱਚ ਬਲਬੀਰ ਸਿੰਘ ਸਿੱਧੂ, ਬਠਿੰਡਾ ਵਿੱਚ ਵਿਜੈਇੰਦਰ ਸਿੰਗਲਾ, ਮੁਕਤਸਰ ਵਿੱਚ ਗੁਰਪ੍ਰੀਤ ਸਿੰਘ ਕਾਂਗੜ, ਤੇ ਜਲੰਧਰ ਜ਼ਿਲ੍ਹੇ ਵਿੱਚ ਕੈਬਨਿਟ ਮੰਤਰੀ ਓਮ ਪ੍ਰਕਾਸ਼ ਸੋਨੀ ਪੰਚਾਇਤੀ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਸਹੁੰ ਚੁਕਾਉਣਗੇ।
ਇਸੇ ਤਰ੍ਹਾਂ 12 ਜਨਵਰੀ ਨੂੰ ਹੋਣ ਵਾਲੇ ਸਮਾਗਮਾਂ ਵਿੱਚ ਗੁਰਦਾਸਪੁਰ ਵਿੱਚ ਸੁਖਵਿੰਦਰ ਸਿੰਘ ਸਰਕਾਰੀਆ, ਹੁਸ਼ਿਆਰਪੁਰ ਵਿੱਚ ਨਵਜੋਤ ਸਿੰਘ ਸਿੱਧੂ, ਮੁਹਾਲੀ ਵਿੱਚ ਸਵੇਰੇ ਗਿਆਰਾਂ ਵਜੇ ਤੇ ਰੂਪਨਗਰ ਵਿਚ ਬਾਅਦ ਦੁਪਹਿਰ ਤਿੰਨ ਵਜੇ ਸਾਧੂ ਸਿੰਘ ਧਰਮਸੋਤ, ਸੰਗਰੂਰ ਵਿੱਚ ਬ੍ਰਹਮ ਮਹਿੰਦਰਾ, ਫਾਜ਼ਿਲਕਾ ਵਿੱਚ ਗੁਰਪ੍ਰੀਤ ਸਿੰਘ ਕਾਂਗੜ ਤੇ ਫ਼ਿਰੋਜ਼ਪੁਰ ਵਿੱਚ ਮਨਪ੍ਰੀਤ ਸਿੰਘ ਬਾਦਲ ਸਹੁੰ-ਚੁੱਕ ਸਮਾਗਮਾਂ ਦੀ ਪ੍ਰਧਾਨਗੀ ਕਰਨਗੇ।