ਅੰਮ੍ਰਿਤਸਰ: ਲੋਹੜੀ ਦਾ ਤਿਉਹਾਰ ਹੋਵੇ ਤਾਂ ਅੰਮ੍ਰਿਤਸਰ ਦੀਆਂ ਰਵਾਇਤੀ ਮਠਿਆਈਆਂ ਦਾ ਨਾਂ ਜ਼ਿਕਰ ਹੋਵੇ ਇਹ ਹੋ ਹੀ ਨਹੀਂ ਸਕਦਾ। ਅੰਮ੍ਰਿਤਸਰ ਵਿੱਚ ਤਾਂ ਬਕਾਇਦਾ ਇਨ੍ਹਾਂ ਮਿਠਾਈਆਂ ਦੇ ਦੋ ਵਿਸ਼ੇਸ਼ ਬਾਜ਼ਾਰ ਦਹਾਕਿਆਂ ਤੋਂ ਚੱਲਦੇ ਆ ਰਹੇ ਹਨ ਜਿੱਥੇ ਲੋਕ ਲੋਹੜੀ ਨਾਲ ਸਬੰਧਤ ਰਵਾਇਤੀ ਮਠਿਆਈਆਂ ਦੀ ਬਕਾਇਦਾ ਤੌਰ 'ਤੇ ਖਰੀਦਦਾਰੀ ਕਰਨ ਆਉਂਦੇ ਹਨ।


ਸ਼ਕਤੀ ਨਗਰ ਵਿੱਚ ਸਥਿਤ ਪੜ੍ਹ ਪੂੰਜੀ ਦਾ ਬਾਜ਼ਾਰ ਅਤੇ ਲੋਹਗੜ੍ਹ ਗੇਟ 'ਚ ਸਥਿਤ ਇਨ੍ਹਾਂ ਸਥਾਨਾਂ ਤੋਂ ਲੋਕ ਲੋਹੜੀ ਨਾਲ ਸਬੰਧਤ ਮਠਿਆਈਆਂ ਦੀ ਖ਼ਰੀਦਦਾਰੀ ਕਰਦੇ ਹਨ ਅਤੇ ਲੋਹੜੀ ਮਨਾਉਂਦੇ ਹਨ। 'ਏਬੀਪੀ ਸਾਂਝਾ' ਨੇ ਲੋਹੜੀ ਦੇ ਵਿਸ਼ੇਸ਼ ਤਿਉਹਾਰ ਤੇ ਇਨ੍ਹਾਂ ਬਾਜ਼ਾਰਾਂ ਦਾ ਖ਼ਾਸ ਦੌਰਾ ਕੀਤਾ ਅਤੇ ਲੋਹੜੀ ਦੇ ਮੌਕੇ ਬਣਨ ਵਾਲੀਆਂ ਖਜੂਰਾਂ, ਗੱਚਕ, ਭੁੱਗਾ ਅਤੇ ਡ੍ਰਾਈ ਫਰੂਟ ਵਾਲੀ ਗੱਚਕ ਬਣਾਉਣ ਦੀ ਵਿਧੀ ਨੂੰ ਦਰਸ਼ਕਾਂ ਤਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ।

ਸਬੰਧਤ ਖ਼ਬਰ: ਗੁਰੂ ਨਗਰੀ 'ਚ ਲੋਹੜੀ ਦੀਆਂ ਖਾਸ ਤਿਆਰੀਆਂ

ਲੋਹਗੜ੍ਹ ਗੇਟ ਵਿਖੇ ਸਥਿਤ ਖਜੂਰਾਂ ਅਤੇ ਭੁੱਗਾ ਬਣਾਉਣ ਵਾਲੀ ਮਿਠਾਈ ਦੀ ਦੁਕਾਨ ਨਗੀਨਾ ਸਵੀਟ ਸ਼ਾਪ, ਆਜ਼ਾਦੀ ਤੋਂ ਪਹਿਲਾਂ ਦੀ ਬਣੀ ਹੈ। ਨਗੀਨਾ ਸਵੀਟ ਸ਼ਾਪ ਦੇ ਮਾਲਕ ਲਛਮਣ ਚੰਦ ਨੇ ਦੱਸਿਆ ਕਿ ਲੋਹੜੀ ਤੇ ਖਾਸ ਤੌਰ ਤੇ ਖਜੂਰਾਂ ਭੁੱਗਾ ਅਤੇ ਗੁੜ ਵਾਲੀ ਬਰਫੀ ਵਿਸ਼ੇਸ਼ ਤੌਰ 'ਤੇ ਬਣਾਈ ਜਾਂਦੀ ਹੈ ਜਿਨ੍ਹਾਂ ਦੇ ਵਿੱਚ ਲੋਕ ਖਜੂਰਾਂ ਵਿਸ਼ੇਸ਼ ਆਰਡਰ ਤੇ ਤਿਆਰ ਕਰਵਾਉਂਦੇ ਹਨ।

ਆਜ਼ਾਦੀ ਤੋਂ ਪੁਰਾਣੇ ਸਮੇਂ ਤੋਂ ਪਹਿਲਾਂ ਦੀ ਚੱਲਦੀ ਆ ਰਹੀ ਇੱਕ ਹੋਰ ਦੁਕਾਨ ਹੈ ਭੋਪਾਲ ਗੱਚਕ ਸਟੋਰ। ਇਸ ਦੇ ਮਾਲਕ ਜਨਕ ਰਾਜ ਨੇ ਦੱਸਿਆ ਕਿ ਲੋਹੜੀ ਇੱਕ ਖ਼ਾਸ ਤਿਉਹਾਰ ਹੈ ਅਤੇ ਡ੍ਰਾਈਫਰੂਟ ਵਾਲੀ ਗੱਚਕ ਉਹ ਪੀੜ੍ਹੀ ਦਰ ਪੀੜ੍ਹੀ ਬਣਾਉਂਦੇ ਆ ਰਹੇ ਹਨ ਅਤੇ ਇਸ ਨੂੰ ਉਹ ਲੋਹੜੀ ਤੇ ਹੀ ਖਾਸ ਤੌਰ 'ਤੇ ਤਿਆਰ ਕਰਦੇ ਹਨ।

ਗੁੜ ਅਤੇ ਮੁੰਗਫਲੀ ਵਾਲੀ ਗੱਚਕ ਬਾਰੇ ਤਾਂ ਤੁਸੀਂ ਸੁਣਿਆ ਹੀ ਹੋਵੇਗਾ ਇਹ ਗੱਚਕ ਲੋਹੜੀ ਅਤੇ ਸਰਦੀ ਦੇ ਦਿਨਾਂ ਵਿੱਚ ਸਭ ਤੋਂ ਵੱਧ ਖਾਣ ਵਾਲੀ ਇੱਕ ਚੀਜ਼ ਹੈ ਇਸ ਨੂੰ ਇੱਕ ਸਦੀ ਤੋਂ ਬਣਾਉਂਦੇ ਆ ਰਹੇ ਖੀਵੀ ਚੰਦ ਐਂਡ ਸੰਨਜ਼ ਦੇ ਮਾਲਕ ਜਤਿੰਦਰਪਾਲ ਨੇ 'ਏਬੀਪੀ ਸਾਂਝਾ' ਨੂੰ ਦੱਸਿਆ ਕਿ ਗੱਚਕ ਦੇ ਭਾਵੇਂ ਕਈ ਰੂਪ ਸਾਡੇ ਸਾਹਮਣੇ ਆ ਚੁੱਕੇ ਹਨ ਪਰ ਖਾਸ ਤੌਰ ਤੇ ਲੋਕ ਮੂੰਗਫਲੀ ਅਤੇ ਗੁੜ ਵਾਲੀ ਗੱਚਕ ਹੀ ਪਸੰਦ ਕਰਦੇ ਹਨ ਅਤੇ ਆਮ ਤੌਰ ਨਾਲੋਂ ਇਸ ਦੀ ਲੋਹੜੀ ਤੇ ਮੰਗ ਵੱਧ ਜਾਂਦੀ ਹੈ।