ਚੰਡੀਗੜ੍ਹ : ਪੰਜਾਬ ਦੇ ਡੇਰਾਬੱਸੀ ਤੋਂ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਕੁਲਜੀਤ ਰੰਧਾਵਾ ਵਿਵਾਦਾਂ ਵਿੱਚ ਘਿਰ ਗਏ ਹਨ। ਵਿਧਾਇਕ ਦੇ ਪੀਏ ਨਿਤਿਨ ਲੂਥਰਾ ਨੇ ਬਲਟਾਣਾ ਪੁਲੀਸ ਚੌਕੀ ਦੇ ਇੰਚਾਰਜ ਤੋਂ ਇੱਕ ਲੱਖ ਰੁਪਏ ਰਿਸ਼ਵਤ ਦੀ ਮੰਗ ਕੀਤੀ। ਚੌਕੀ ਇੰਚਾਰਜ ਬਰਮਾ ਸਿੰਘ ਦੀ ਪੈਸੇ ਨਾ ਦੇਣ ਕਾਰਨ ਬਦਲੀ ਕਰ ਦਿੱਤੀ ਗਈ। ਇਸ ਦੀ ਇੱਕ ਕਾਲ ਰਿਕਾਰਡਿੰਗ ਕਾਫੀ ਵਾਇਰਲ ਹੋ ਰਹੀ ਹੈ। ਇਸ ਦੀ ਸ਼ਿਕਾਇਤ ਆਮ ਆਦਮੀ ਪਾਰਟੀ ਦੇ ਨੇਤਾ ਵਿਕਰਮ ਧਵਨ ਨੇ ਕੀਤੀ ਹੈ। ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ਨੰਬਰ 95012-00200 'ਤੇ ਭੇਜਿਆ। ਏਬੀਪੀ ਸਾਂਝਾ ਇਸ ਆਡੀਓ ਦੀ ਪੁਸ਼ਟੀ ਨਹੀਂ ਕਰਦਾ ਹੈ।
ਇਸ ਸਬੰਧੀ ਵਿਧਾਇਕ ਕੁਲਜੀਤ ਰੰਧਾਵਾ ਨੇ ਕਿਹਾ ਕਿ ਮੇਰੇ ਕਿਸੇ ਆਦਮੀ ਨੇ ਕੋਈ ਪੈਸਾ ਨਹੀਂ ਮੰਗਿਆ। ਜੇਕਰ ਮੇਰੇ ਵਰਕਰ ਦੀ ਪੈਸੇ ਦੀ ਮੰਗ ਸਾਬਤ ਹੁੰਦੀ ਹੈ ਤਾਂ ਮੈਂ ਉਸ 'ਤੇ ਪਰਚਾ ਦਰਜ ਕਰਵਾ ਕੇ ਕਾਰਵਾਈ ਕਰਵਾਂਗਾ। ਪੀਏ ਦਾ ਜਵਾਬ ਆਉਣਾ ਅਜੇ ਬਾਕੀ ਹੈ। ਵਾਇਰਲ ਹੋਈ ਕਾਲ ਰਿਕਾਰਡਿੰਗ ਵਿੱਚ ਚੌਕੀ ਇੰਚਾਰਜ ਬਰਮਾ ਸਿੰਘ ਅਤੇ ਵਿਕਰਮ ਧਵਨ ਦੀ ਗੱਲਬਾਤ ਚੱਲ ਰਹੀ ਹੈ। ਵਿਕਰਮ ਧਵਨ ਦਾ ਕਹਿਣਾ ਹੈ ਕਿ ਉਹ ਉਸ ਨੂੰ ਚੌਕੀ 'ਤੇ ਮਿਲਣ ਗਿਆ ਸੀ ਪਰ ਪਤਾ ਲੱਗਾ ਕਿ ਤਬਾਦਲਾ ਹੋ ਗਿਆ ਹੈ। ਇਸ ’ਤੇ ਚੌਕੀ ਇੰਚਾਰਜ ਦਾ ਕਹਿਣਾ ਹੈ ਕਿ ਵਿਧਾਇਕ ਵੱਲੋਂ ਮੰਗੇ ਇੱਕ ਲੱਖ ਰੁਪਏ ਕਾਰਨ ਹੀ ਤਬਾਦਲਾ ਕਰਨਾ ਪਿਆ।
ਚੌਕੀ ਇੰਚਾਰਜ ਨੇ ਕਿਹਾ ਕਿ ਪੀਏ ਨੂੰ ਪੈਸੇ ਮੰਗਣ ਦੀ ਕੀ ਲੋੜ ਹੈ। ਪੀਏ ਨਿਤਿਨ ਲੂਥਰਾ ਨੇ ਆ ਕੇ ਕਿਹਾ ਕਿ ਐਮ.ਐਲ.ਏ ਨਾਲ ਗੱਲ ਜ਼ਰੂਰ ਹੋਈ ਹੋਵੇਗੀ। ਮੈਂ ਕਿਹਾ ਕਿ ਮੇਰੇ ਨਾਲ ਵਿਧਾਇਕ ਦੀ ਕੋਈ ਗੱਲ ਨਹੀਂ ਹੋਈ। ਉਸ ਨੇ ਦੱਸਿਆ ਕਿ ਉਨ੍ਹਾਂ ਨੇ ਇੱਕ ਲੱਖ ਰੁਪਏ ਮੰਗਵਾਏ ਹਨ। ਮੈਂ ਉਸਨੂੰ ਕਿਹਾ ਕਿ ਮੈਂ ਇੰਨੇ ਪੈਸੇ ਦੇਣ ਦੇ ਲਾਇਕ ਨਹੀਂ ਸੀ। ਉਸ ਤੋਂ ਬਾਅਦ ਮੇਰੀ ਬਦਲੀ ਹੋ ਗਈ।
ਸ਼ਿਕਾਇਤਕਰਤਾ ਵਿਕਰਮ ਧਵਨ ਨੇ ਕਿਹਾ ਕਿ ਮੈਂ ਆਮ ਆਦਮੀ ਪਾਰਟੀ ਦਾ ਵਰਕਰ ਹਾਂ। ਮੈਂ ਬਲਟਾਣਾ ਖੇਤਰ ਦੇਖਦਾ ਹਾਂ। 23 ਜੁਲਾਈ ਨੂੰ ਸ਼ਾਮ ਨੂੰ ਮੈਂ ਇੰਚਾਰਜ ਨੂੰ ਮਿਲਣ ਗਿਆ। ਇੰਚਾਰਜ ਨੇ ਦੱਸਿਆ ਕਿ ਵਿਧਾਇਕ ਨੇ ਇੱਕ ਵਿਅਕਤੀ ਨੂੰ ਭੇਜਿਆ ਸੀ ਜੋ ਪੈਸੇ ਮੰਗ ਰਿਹਾ ਸੀ। ਉਸ ਨੇ ਨੰਬਰ ਦਿਖਾਇਆ, ਜੋ ਵਿਧਾਇਕ ਦੇ ਪੀਏ ਨਿਤਿਨ ਲੂਥਰਾ ਦਾ ਸੀ। 30 ਜੁਲਾਈ ਦੀ ਸ਼ਾਮ ਨੂੰ ਮੈਂ ਦੁਬਾਰਾ ਚੌਕੀ ਇੰਚਾਰਜ ਨਾਲ ਗੱਲ ਕੀਤੀ, ਜਿਸ 'ਚ ਪਤਾ ਲੱਗਾ ਕਿ ਚੌਕੀ ਇੰਚਾਰਜ ਦੀ ਇਕ ਲੱਖ ਰੁਪਏ ਦੀ ਅਦਾਇਗੀ ਨਾ ਹੋਣ ਕਾਰਨ ਤਬਾਦਲਾ ਕਰ ਦਿੱਤਾ ਗਿਆ ਹੈ। ਮੈਂ ਵਿਧਾਇਕ ਨੂੰ ਫੋਨ ਕੀਤਾ ਸੀ ਪਰ ਗੱਲ ਨਹੀਂ ਹੋ ਸਕੀ।