ਚੰਡੀਗੜ੍ਹ: ਖਰੜ ਤੋਂ 'ਆਪ' ਵਿਧਾਇਕ ਕੰਵਰ ਸੰਧੂ ਨੇ ਵੀਰਵਾਰ ਨੂੰ ਫੇਸਬੁੱਕ 'ਤੇ ਲਾਈਵ ਵੀਡੀਓ ਰਾਹੀਂ ਇਹ ਐਲਾਨ ਕੀਤਾ ਹੈ ਕਿ ਉਹ ਇਸ ਵਾਰ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਨਹੀਂ ਲੜ੍ਹਨਗੇ। ਉਨ੍ਹਾਂ ਨੂੰ ਲੰਬੇ ਸਮੇਂ ਤੋਂ ਪਾਰਟੀ ਵਿੱਚੋਂ ਸਸਪੈਂਡ ਕੀਤਾ ਹੋਇਆ ਹੈ। ਸੰਧੂ ਨੇ ਸਪਸ਼ੱਟ ਤੌਰ 'ਤੇ ਕਿਹਾ ਕਿ ਉਹ ਪੁਰਾਣੀਆਂ ਰਿਵਾਇਤੀ ਪਾਰਟੀਆਂ ਵਿੱਚ ਸ਼ਾਮਲ ਨਹੀਂ ਹੋਣਗੇ।
ਕੰਵਰ ਸੰਧੂ ਨੇ ਕਿਹਾ ਕਿ ਉਹ ਪੰਜਾਬ ਵਿੱਚ ਕਿਸੇ ਤੀਜੇ ਬਦਲ ਦੀ ਉਡੀਕ ਵਿੱਚ ਸੀ ਪਰ ਉਹਨਾਂ ਨੂੰ ਅਜਿਹਾ ਕੋਈ ਬਦਲ ਨਹੀਂ ਮਿਲਿਆ।ਇਸ ਲਈ ਉਨ੍ਹਾਂ ਨੇ ਚੋਣਾਂ ਤੋਂ ਆਪਣੇ ਪੈਰ ਪਛਾਂਹ ਖਿੱਚਣ ਦਾ ਫੈਸਲਾ ਕੀਤਾ ਹੈ ਅਤੇ ਚੋਣਾਂ ਨਾ ਲੜ੍ਹਨ ਦਾ ਐਲਾਨ ਕੀਤਾ ਹੈ।
ਇਸ ਤੋਂ ਪਹਿਲਾਂ ਪਿਛਲੇ ਹਫ਼ਤੇ ਉਹ ਪੰਜਾਬ ਭਵਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਨੂੰ ਮਿਲਣ ਪਹੁੰਚੇ ਸੀ। ਜਿਸ ਤੋਂ ਬਾਅਦ ਰਾਜਨੀਤਕ ਗਲਿਆਰਿਆਂ 'ਚ ਉਨ੍ਹਾਂ ਦੇ ਕਾਂਗਰਸ 'ਚ ਸ਼ਾਮਲ ਹੋਣ ਦੀਆਂ ਚਰਚਾਵਾਂ ਦਾ ਬਾਜ਼ਾਰ ਗਰਮ ਹੋ ਗਿਆ ਸੀ। ਹਾਲਾਂਕਿ ਹੁਣ ਖੁਦ ਕੰਵਰ ਸੰਧੂ ਨੇ ਇਹਨਾਂ ਸਾਰੀਆਂ ਚਰਚਾਵਾਂ ਨੂੰ ਰੋਕ ਲਾ ਦਿੱਤੀ ਹੈ।
ਉਧਰ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਅੱਜ ਪੰਜਾਬੀਆਂ ਲਈ ਦੋ ਵੱਡੇ ਐਲਾਨ ਕੀਤੇ ਹਨ। ਉਨ੍ਹਾਂ ਕਿਹਾ ਹੈ ਕਿ ਪੰਜਾਬ ਵਿੱਚ ਪੈਦਾ ਹੋਣ ਵਾਲੇ ਹਰ ਬੱਚੇ ਨੂੰ ਮੁਫਤ ਤੇ ਬਿਹਤਰ ਸਿੱਖਿਆ ਦਿੱਤੀ ਜਾਵੇ। ਗਰੀਬ ਬੱਚਿਆਂ ਨੂੰ ਮੁਫਤ ਸਿੱਖਿਆ ਦੇਵਾਂਗੇ। ਉਨ੍ਹਾਂ ਨੇ ਪੰਜਾਬੀਆਂ ਨੂੰ ਦੂਜੀ ਗਰੰਟੀ ਦਿੱਤੀ ਕਿ ਪੰਜਾਬ ਦੇ ਸ਼ਹੀਦਾਂ ਦੇ ਵਾਰਸਾਂ ਨੂੰ ਇੱਕ ਕਰੋੜ ਰੁਪਏ ਦੀ ਸਨਮਾਨ ਰਾਸ਼ੀ ਦਿੱਤੀ ਜਾਵੇਗੀ।
ਇਸ ਦੌਰਾਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਦਿਤੇ ਗਏ ਬਿਆਨ 'ਤੇ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਰੰਗ ਕਾਲਾ ਹੋ ਸਕਦਾ ਹੈ ਪਰ ਨੀਤ ਸਾਫ ਹੈ। ਉਹ ਨਾ ਝੂਠੇ ਵਾਅਦੇ ਕਰਦੇ ਹਨ ਤੇ ਨਾ ਹੀ ਝੂਠੇ ਐਲਾਨ ਕਰਦੇ ਹਨ। ਕੇਜਰੀਵਾਲ ਐਤਵਾਰ ਸ੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ 'ਤੇ ਪਹੁੰਚੇ ਸੀ। ਜਿੱਥੋਂ ਉਹ ਸਿੱਧੇ ਪਠਾਨਕੋਟ 'ਚ ਆਮ ਆਦਮੀ ਪਾਰਟੀ ਵੱਲੋਂ ਕੱਢੀ ਗਈ ਤਿਰੰਗਾ ਯਾਤਰਾ 'ਚ ਹਿੱਸਾ ਲੈਣ ਲਈ ਰਵਾਨਾ ਹੋ ਗਏ।
ਜ਼ਿਕਰਯੋਗ ਹੈ ਕਿ ਕੇਜਰੀਵਾਲ ਐਤਵਾਰ ਨੂੰ ਪਠਾਨਕੋਟ 'ਚ ਚੌਥੀ ਗਾਰੰਟੀ ਦਾ ਐਲਾਨ ਵੀ ਕਰਨਗੇ। ਇਹ ਐਲਾਨ ਸਿੱਖਿਆ ਨਾਲ ਸਬੰਧਿਤ ਹੀ ਹੋਵੇਗਾ। ਇਸ ਤੋਂ ਬਾਅਦ ਉਹ ਸ਼ਾਮ ਨੂੰ ਹੀ ਦਿੱਲੀ ਲਈ ਵਾਪਸ ਰਵਾਨਾ ਹੋ ਜਾਣਗੇ।