ਜਲੰਧਰ: ਸਥਾਨਕ ਬੱਸ ਸਟੈਂਡ ਵਿੱਚ ਪਾਣੀ ਵਾਲੀ ਟੈਂਕੀ ਉੱਤੇ ਅਤੇ ਹੇਠਾਂ ਮੋਰਚਾ ਲਗਾ ਕੇ ਬੈਠੇ ਬੇਰੁਜ਼ਗਾਰ  BEd. TET ਪਾਸ ਅਧਿਆਪਕਾਂ ਦੀ ਭਰਤੀ ਲਈ ਭਾਵੇਂ ਪੰਜਾਬ ਸਰਕਾਰ ਨੇ 29 ਨਵੰਬਰ ਦੀ ਮੀਟਿੰਗ ਵਿੱਚ ਵਿੱਤ ਵਿਭਾਗ ਪਾਸੋ ਮਨਜੂਰੀ ਪ੍ਰਾਪਤ ਕਰ ਲਈ ਹੈ, ਪਰ ਪ੍ਰਵਾਨਿਤ 10880 ਅਸਾਮੀਆਂ ਦੀ ਵਿਸ਼ਾ ਵਾਰ ਅਤੇ ਵਿਭਿੰਨ ਵਰਗਾਂ ਵਿੱਚ ਵੰਡ ਨਾ ਕੀਤੇ ਜਾਣ ਤੋਂ ਖਫਾ ,ਪਹਿਲਾਂ ਦਿੱਤੀ ਧਮਕੀ ਅਨੁਸਾਰ ਬੇਰੁਜ਼ਗਾਰ ਅਧਿਆਪਕ 3 ਦਿਸੰਬਰ ਨੂੰ ਮੁੜ ਸਿੱਖਿਆ ਮੰਤਰੀ ਦੀ ਸਥਾਨਕ ਦਸਮੇਸ਼ ਨਗਰ ਵਿੱਚਲੀ ਕੋਠੀ ਦਾ ਘਿਰਾਓ ਕਰਨਗੇ।


ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਨੇ ਦੱਸਿਆ ਕਿ ਸਵਾ ਮਹੀਨੇ ਤੋਂ ਪਾਣੀ ਵਾਲੀ ਟੈਂਕੀ ਉੱਤੇ ਬੈਠੇ ਮੁਨੀਸ਼ ਕੁਮਾਰ ਅਤੇ ਜਸਵੰਤ ਸਿੰਘ ਘੁਬਾਇਆ ਦੀ ਮੁੱਖ ਮੰਗ  ਸਮਾਜਿਕ ਸਿੱਖਿਆ, ਹਿੰਦੀ ਅਤੇ ਪੰਜਾਬੀ ਦੀਆਂ 9000 ਅਸਾਮੀਆਂ ਸਮੇਤ ਯੂਨੀਅਨ ਦੇ ਮੰਗ ਪੱਤਰ ਵਿੱਚ ਸਾਮਿਲ ਮੰਗਾਂ ਦੀ ਪੂਰਤੀ ਕਰਵਾਉਣੀ ਹੈ।ਸਰਕਾਰ ਨੇ ਅਸਾਮੀਆਂ ਦੀ ਮਨਜੂਰੀ ਮਗਰੋਂ ਇਸ਼ਤਿਹਾਰ ਵਿੱਚ ਦੇਰੀ ਕਰਨ ਦਾ ਰਾਹ ਚੁਣਿਆ ਹੈ।ਜਿਸਦਾ ਸਿੱਧਾ ਮਤਲਬ ਭਰਤੀ ਪ੍ਰਕਿਰਿਆ ਨੂੰ ਚੋਣ ਜ਼ਾਬਤੇ ਦੀ ਭੇਂਟ ਚੜਾਉਣ ਦੀ ਮਨਸ਼ਾ ਹੈ।



ਓਹਨਾਂ ਕਿਹਾ ਕਿ ਪ੍ਰਵਾਨਤ 10880 ਅਸਾਮੀਆਂ ਵਿੱਚੋ 9000 ਉਕਤ ਤਿੰਨ ਵਿਸ਼ਿਆਂ ਨੂੰ ਦਿੱਤੀਆਂ  ਜਾਣ ਅਤੇ ਅਨੁਪਾਤ ਦੇ ਮੁਤਾਬਕ ਬਾਕੀ ਵਿਸ਼ਿਆਂ ਦੀਆਂ ਅਸਾਮੀਆਂ ਵੀ ਜਾਰੀ ਕੀਤੀਆਂ ਜਾਣ।