ਪਾਇਲ : ਵਿਧਾਨ ਸਭਾ ਹਲਕਾ ਪਾਇਲ ’ਚ ‘ਆਪ’ ਦੇ ਵਿਧਾਇਕ ਇੰਜੀਨੀਅਰ ਮਨਵਿੰਦਰ ਸਿੰਘ ਗਿਆਸਪੁਰਾ ਤੇ ਐੱਸਐੱਚਓ ਪਾਇਲ ਸਤਵਿੰਦਰ ਸਿੰਘ ਵਿਚਾਲੇ ਪੇਚ ਫਸ ਗਿਆ ਹੈ ਕਿਉਂਂਕਿ ਐੱਸਐੱਚਓ ਪਾਇਲ ਸਤਵਿੰਦਰ ਸਿੰਘ ਵੱਲੋਂ ਵਿਧਾਇਕ ਇੰਜ. ਮਨਵਿੰਦਰ ਸਿੰਘ ਗਿਆਸਪੁਰਾ ਦੇ ਖ਼ਿਲਾਫ਼ ਡੀਡੀਆਰ ਲਿਖੀ ਗਈ ਹੈ। ਜਿਸ ’ਚ ਐੱਸਐੱਚਓ ਵੱਲੋਂ ਵਿਧਾਇਕ ’ਤੇ ਗ਼ਲਤ ਵਿਵਹਾਰ ਕਰਨ ਦੇ ਦੋਸ਼ ਲਗਾਏ ਹਨ। ਮਾਮਲਾ ਪੁਲਿਸ ਦੇ ਵੱਡੇ ਅਧਿਕਾਰੀਆਂ ਦੇ ਧਿਆਨ ’ਚ ਵੀ ਆ ਗਿਆ ਹੈ।

 

ਮਾਮਲਾ ਹਾਈ ਪ੍ਰੋਫਾਈਲ ਹੋਣ ਕਾਰਨ ਪੁਲਿਸ ਅਧਿਕਾਰੀ ਵੀ ਬੋਚ ਬੋਚ ਕੇ ਕਦਮ ਪੁੱਟ ਰਹੇ ਹਨ। ਇਹ ਮਾਮਲਾ ਆਉਣ ਵਾਲੇ ਦਿਨਾਂ ’ਚ ਹਲਕਾ ਪਾਇਲ ਦੀ ਸਿਆਸਤ ਵੀ ਗਰਮਾ ਸਕਦਾ ਹੈ। ਵਿਰੋਧੀਆਂ ਨੂੰ ਆਮ ਆਦਮੀ ਪਾਰਟੀ ਨੂੰ ਘੇਰਨ ਲਈ ਮੁੱਦਾ ਮਿਲ ਸਕਦਾ ਹੈ। ਉਥੇ ਹੀ ਡੀਡੀਆਰ ਦੀ ਕਾਪੀ ਮੀਡੀਆ ਸਾਹਮਣੇ ਆਉਣ ਮਗਰੋਂ ਥਾਣਾ ਮੁਖੀ ਦਾ ਤਬਾਦਲਾ ਵੀ ਕਰ ਦਿੱਤਾ ਗਿਆ ਹੈ।


ਐੱਸਐੱਚਓ ਸਤਵਿੰਦਰ ਸਿੰਘ ਵੱਲੋਂ ਦਰਜ ਡੀਡੀਆਰ ਨੰਬਰ 35 ’ਚ ਲਿਖਿਆ ਹੈ ਕਿ ਉਹ ਆਪਣੀ ਸਕਾਰਪੀਓ ਗੱਡੀ ’ਚ ਇਲਾਕੇ ਦੀ ਜਾਂਚ ਕਰ ਰਹੇ ਸਨ। ਡਿਊਟੀ ਦੌਰਾਨ ਉਸ ਨੂੰ ਹਲਕਾ ਪਾਇਲ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਦਾ ਫੋਨ ਆਇਆ। ਵਿਧਾਇਕ ਗਿਆਸਪੁਰਾ ਨੇ ਉਨ੍ਹਾਂ ਨੂੰ ਦੱਸਿਆ ਕਿ ਬੁੱਧ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਪਿੰਡ ਘਲੋਟੀ ਨਾਲ ਕਿਸੇ ਗੱਲ ਨੂੰ ਲੈ ਕੇ ਲੜਾਈ ਹੋਈ ਸੀ, ਜਿਸ ਨੇ ਸਿਵਲ ਹਸਪਤਾਲ ਤੋਂ ਐੱਮਐੱਲਆਰ ਕੱਟੀ ਗਈ ਹੈ, ਉਨ੍ਹਾਂ ਨੇ ਤੁਹਾਨੂੰ ਨੋਟ ਕਰਵਾ ਦਿੱਤਾ ਸੀ ਕਿ ਦੂਜੇ ਪਾਸੇ ਰੇਡ ਕੀਤੀ ਜਾਵੇ, ਜਿਸ ਦਾ ਰਾਜੀਨਾਮਾ ਉਨ੍ਹਾਂ ਨੇ ਆਪਣੇ ਦਫ਼ਤਰ ਵਿਚ ਕਰਵਾਉਣਾ ਹੈ।

 

ਐੱਸਐੱਚਓ ਨੇ ਡੀਡੀਆਰ ’ਚ ਲਿਖਿਆ ਕਿ ਇਸ ’ਤੇ ਉਨ੍ਹਾਂ ਵਿਧਾਇਕ ਨੂੰ ਦੱਸਿਆ ਕਿ ਮਾਮਲੇ ਦੀ ਜਾਂਚ ਸਹਾਇਕ ਐੱਸਐੱਚਓ ਗੁਰਮੀਤ ਸਿੰਘ ਵੱਲੋਂ ਕੀਤੀ ਜਾ ਰਹੀ ਹੈ, ਜੋ ਅੱਜ ਐੱਸਪੀ (ਡੀ) ਕੋਲ ਖੰਨਾ ਗਏ ਹਨ। ਜਿਸ ’ਤੇ ਵਿਧਾਇਕ ਨੇ ਉਨ੍ਹਾਂ ਨੂੰ ਕਿਹਾ ਕਿ ਤੁਸੀਂ ਜਾਣ ਬੁੱਝ ਕੇ ਪੁਲਿਸ ਵਾਲਿਆਂ ਨੂੰ ਖਰਾਬ ਕਰ ਰਹੇ ਹੋ। ਉਹ ਇਸ ਬਾਰੇ ਤੁਹਾਡੇ ਵਿਰੁੱਧ ਸ਼ਿਕਾਇਤ ਕਰਾਂਗਾ। ਤੁਸੀਂ ਪੁਲਿਸ ਵਾਲੇ ਬਕਵਾਸ ਮਾਰਦੇ ਰਹਿੰਦੇ ਹੋ। ਹੁਣ ਉਹ ਤੁਹਾਨੂੰ ਦੱਸਾਂਗਾ ਕਿ ਕਿਵੇਂ ਕੰਮ ਕਰਦੇ ਹਨ।

 

ਐੱਸਐੱਚਓ ਪਾਇਲ ਨੇ ਲਿਖਿਆ ਕਿ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਉਸ ਨਾਲ ਗ਼ਲਤ ਵਿਵਹਾਰ ਕੀਤਾ। ਜਿਸ ਸਬੰਧੀ ਐੱਸਐੱਸਪੀ ਖੰਨਾ ਤੇ ਡੀਐੱਸਪੀ ਪਾਇਲ ਨੂੰ ਮੋਬਾਈਲ ’ਤੇ ਸੂਚਿਤ ਕਰ ਦਿੱਤਾ ਗਿਆ ਹੈ। ਇਸ ਸਬੰਧੀ ਫੋਨ ਰਾਹੀਂ ਗੱਲਬਾਤ ਲਈ ਜਦੋਂ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੂੰ ਫੋਨ ਕੀਤਾ ਗਿਆ ਤਾਂ ਫੋਨ ਉਹਨਾਂ ਦੇ ਪੀਏ ਨੇ ਚੁੱਕਦੇ ਹੋਏ ਬਾਅਦ 'ਚ ਗੱਲ ਕਰਾਉਣ ਲਈ ਕਿਹਾ ,ਜਦਕਿ ਐੱਸਐੱਸਪੀ ਖੰਨਾ ਰਵੀ ਕੁਮਾਰ ਨੇ ਕੈਮਰੇ ਸਾਹਮਣੇ ਆਉਣ ਤੋਂ ਇਨਕਾਰ ਕਰ ਦਿੱਤਾ।