ਸੰਗਰੂਰ: ਮਲੇਰਕੋਟਲਾ ਵਿੱਚ ਕੁਝ ਮਹੀਨੇ ਪਹਿਲਾਂ ਹੋਈ ਧਾਰਮਿਕ ਗ੍ਰੰਥ ਬੇਅਦਬੀ ਦੇ ਮਾਮਲੇ ਵਿੱਚ ਵਿੱਚ ਨਵਾਂ ਮੋੜ ਆ ਗਿਆ ਹੈ। ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਵਿਜੇ ਕੁਮਾਰ ਦੇ ਜੇਕਰ ਬਿਆਨ ਨੂੰ ਮੰਨੀਏ ਤਾਂ ਆਪ ਵਿਧਾਇਕ ਨਰੇਸ਼ ਯਾਦਵ ਨੂੰ ਬੇਅਦਬੀ ਕਾਂਡ ਵਿੱਚ ਉਲਝਾਉਣ ਦਾ ਜਾਲ ਸੰਗਰੂਰ ਪੁਲਿਸ ਨੇ ਹੀ ਬੁਣਿਆ ਸੀ।



ਕੁਰਾਨ ਸ਼ਰੀਫ ਦੀ ਬੇਅਦਬੀ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਮੁੱਖ ਮੁਲਜ਼ਮ ਵਿਜੇ ਕੁਮਾਰ ਨੇ ਪੰਜਾਬ ਪੁਲਿਸ ਦੇ ਦਾਅਵੇ ਨੂੰ ਗ਼ਲਤ ਕਰਾਰ ਦਿੱਤਾ ਹੈ। ਮਲੇਰਕੋਟਲਾ ਵਿੱਚ ਪਵਿੱਤਰ ਕੁਰਾਨ ਸ਼ਰੀਫ਼ ਦੀ ਹੋਈ ਬੇਅਦਬੀ ਦੇ ਮਾਮਲੇ ਵਿੱਚ ਪੁਲਿਸ ਨੇ ਵਿਜੇ ਕੁਮਾਰ ਤੇ ਉਸ ਦੇ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ। ਵਿਜੇ ਕੁਮਾਰ ਦੇ ਬਿਆਨ ਉੱਤੇ ਪੁਲਿਸ ਨੇ ਦਿੱਲੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨਰੇਸ਼ ਯਾਦਵ ਨੂੰ ਗ੍ਰਿਫ਼ਤਾਰ ਕੀਤਾ ਸੀ ਪਰ ਹੁਣ ਵਿਜੇ ਕੁਮਾਰ ਨੇ ਪੰਜਾਬ ਪੁਲਿਸ ਉੱਤੇ ਪੂਰੇ ਮਾਮਲੇ ਵਿੱਚ ਜ਼ਿਆਦਤੀਆਂ ਕਰਨ ਦਾ ਦੋਸ਼ ਲਾਇਆ ਹੈ।



ਸੰਗਰੂਰ ਦੀ ਅਦਾਲਤ ਵਿੱਚ ਪੇਸ਼ੀ ਭੁਗਤਣ ਲਈ ਆਏ ਵਿਜੇ ਕੁਮਾਰ ਨੇ ਆਖਿਆ ਕਿ ਨਰੇਸ਼ ਯਾਦਵ ਦਾ ਇਸ ਮਾਮਲੇ ਨਾਲ ਕੋਈ ਲੈਣ-ਦੇਣ ਨਹੀਂ, ਉਹ ਪੂਰੀ ਤਰ੍ਹਾਂ ਬੇਕਸੂਰ ਹੈ। ਵਿਜੇ ਕੁਮਾਰ ਨੇ ਆਪਣੇ ਬਿਆਨ ਵਿੱਚ ਆਖਿਆ ਹੈ ਕਿ 'ਆਪ' ਵਿਧਾਇਕ ਨਰੇਸ਼ ਯਾਦਵ ਨੂੰ ਬੇਅਦਬੀ ਮਾਮਲੇ ਵਿੱਚ ਪੰਜਾਬ ਪੁਲਿਸ ਨੇ ਗ਼ਲਤ ਢੰਗ ਨਾਲ ਫਸਾਇਆ ਸੀ। ਵਿਜੇ ਕੁਮਾਰ ਨੇ ਦਾਅਵਾ ਕੀਤਾ ਹੈ ਕਿ ਨਰੇਸ਼ ਯਾਦਵ ਦਾ ਨਾਮ ਲੈਣ ਲਈ ਸੰਗਰੂਰ ਪੁਲਿਸ ਨੇ ਉਸ ਨਾਲ ਜ਼ਿਆਦਤੀਆਂ ਤੇ ਧਮਕੀਆਂ ਦਿੱਤੀਆਂ ਸਨ।



ਵਿਜੇ ਕੁਮਾਰ ਦਾ ਕਹਿਣਾ ਹੈ ਕਿ ਉਸ ਨੂੰ ਵੀ ਪੂਰੇ ਮਾਮਲੇ ਵਿੱਚ ਪੰਜਾਬ ਪੁਲਿਸ ਝੂਠੇ ਤਰੀਕੇ ਨਾਲ ਫਸਾਇਆ। ਉਸ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੁਲਿਸ ਨੇ ਜ਼ਿਆਦਤੀਆਂ ਕਰਕੇ ਵਿਧਾਇਕ ਨਰੇਸ਼ ਯਾਦਵ ਦਾ ਨਾਮ ਪੂਰੇ ਮਾਮਲੇ ਵਿੱਚ ਉਸ ਤੋਂ ਜ਼ਬਰਦਸਤੀ ਬੁਲਵਾਇਆ। ਪਵਿੱਤਰ ਕੁਰਾਨ ਸ਼ਰੀਫ਼ ਬੇਅਦਬੀ ਮਾਮਲੇ ਵਿੱਚ ਸੰਗਰੂਰ ਪੁਲਿਸ ਨੇ ਵਿਧਾਇਕ ਨਰੇਸ਼ ਯਾਦਵ ਨੂੰ 24 ਜੁਲਾਈ ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ ਸੀ।