ਧੋਖੇ ਦੇ ਬਾਵਜੂਦ ਪੰਜਾਬ ਦੇ ਵਿਧਾਇਕ ਕੇਜਰੀਵਾਲ ਦੇ ਨਾਲ
ਏਬੀਪੀ ਸਾਂਝਾ | 16 Mar 2018 02:42 PM (IST)
ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦਰ ਕੇਜਰੀਵਾਲ ਵੱਲੋਂ ਸਾਬਕਾ ਕੈਬਨਿਟ ਮੰਤਰੀ ਬਿਕਰਮ ਮਜੀਠੀਆ ਤੋਂ ਮੁਆਫ਼ੀ ਮੰਗਣ ਤੋਂ ਬਾਅਦ ਪਾਰਟੀ ਵਿੱਚ ਆਏ ਭੂਚਾਲ ਦੇ ਬਾਵਜੂਦ ਵਿਧਾਇਕਾਂ ਨੇ ਆਪਣੇ ਲੀਡਰ ਦੇ ਨਾਲ ਖੜ੍ਹੇ ਰਹਿਣ ਦਾ ਫ਼ੈਸਲਾ ਕੀਤਾ ਹੈ। ਵਿਧਾਇਕਾਂ ਨੇ ਨਾਲ ਇਹ ਵੀ ਕਿਹਾ ਕਿ ਉਹ ਪੰਜਾਬ ਦੇ ਲੋਕਾਂ ਦਾ ਸਾਥ ਦੇਣਗੇ। ਹਾਲਾਂਕਿ, ਵਿਧਾਇਕਾਂ ਨੇ ਕਿਹਾ ਕਿ ਕੁਝ ਲੋਕਾਂ ਨੂੰ ਲੱਗਦਾ ਹੈ ਕਿ ਕੇਜਰੀਵਾਲ ਦਾ ਅਕਾਲੀ ਦਲ ਸਮਝੌਤਾ ਹੋ ਗਿਆ, ਇਸੇ ਲਈ ਮੁਆਫ਼ੀ ਮੰਗੀ ਗਈ ਹੈ। ਅੱਜ ਵਿਰੋਧੀ ਧਿਰ ਦੇ ਆਗੂ ਸੁਖਪਾਲ ਖਹਿਰਾ ਸਮੇਤ 'ਆਪ' ਪੰਜਾਬ ਦੇ ਸਾਰੇ ਵਿਧਾਇਕਾਂ ਨੇ ਮੀਟਿੰਗ ਕਰ ਕੇ ਕੇਜਰੀਵਾਲ ਵੱਲੋਂ ਮਜੀਠੀਆ ਤੋਂ ਮੁਆਫ਼ੀ ਮੰਗਣ ਨੂੰ ਗ਼ਲਤ ਠਹਿਰਾਇਆ ਹੈ। ਵਿਧਾਇਕਾਂ ਦਾ ਮੰਨਣਾ ਹੈ ਕਿ ਕੇਜਰੀਵਾਲ ਨੂੰ ਮੁਆਫੀ ਨਹੀਂ ਮੰਗਣੀ ਚਾਹੀਦਾ ਜਦੋਂ ਕਿ ਬਿਕਰਮ ਮਜੀਠੀਆ ਖ਼ਿਲਾਫ਼ ਅਦਾਲਤ ਵਿੱਚ ਪੁਖਤਾ ਸਬੂਤ ਹਨ। ਵਿਧਾਇਕਾਂ ਨੇ ਕਿਹਾ ਕਿ ਪੰਜਾਬ ਦੇ ਲੋਕ ਤੇ 'ਆਪ' ਦੇ ਸਾਰੇ ਵਿਧਾਇਕ ਕੇਜਰੀਵਾਲ ਦੇ ਨਾਲ ਹਨ ਪਰ ਇਹ 'ਮੁਆਫ਼ੀ' ਬਹੁਤ ਦੁਖਦਾਈ ਤੇ ਹੈਰਾਨ ਕਰਨ ਵਾਲੀ ਹੈ। ਅੱਜ ਦੀ ਮੀਟਿੰਗ ਵਿੱਚ ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਦਾ ਸਾਥ ਦੇਵਾਂਗੇ ਤੇ ਲੋਕਾਂ ਲਈ ਲੜਾਂਗੇ। ਵਿਧਾਇਕਾਂ ਨੇ ਕਿਹਾ ਕਿ ਮਨੀਸ਼ ਸਿਸੋਦੀਆ ਨੇ ਕੱਲ੍ਹ ਹੀ ਦਿੱਲੀ 'ਚ ਭਗਵੰਤ ਮਾਨ ਤੇ ਅਮਨ ਅਰੋੜਾ ਨਾਲ ਮੀਟਿੰਗ ਕੀਤੀ ਸੀ ਪਰ ਉਸ ਵਿੱਚ ਮੁਆਫ਼ੀ ਬਾਰੇ ਕੁਝ ਨਹੀਂ ਦੱਸਿਆ ਗਿਆ। ਵਿਧਾਇਕਾਂ ਨੇ ਕਿਹਾ, "ਕੈਪਟਨ ਦੀ ਸਰਕਾਰ ਨੇ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ। ਅਸੀਂ ਕਿਸਾਨੀ ਕਰਜ਼ਾ, ਬੇਰੋਜ਼ਗਾਰੀ ਤੇ ਨਸ਼ੇ ਦੇ ਮਾਮਲੇ ਤੇ ਸਰਕਾਰ ਖ਼ਿਲਾਫ਼ ਲੜਾਂਗੇ ਗ਼ਰੀਬਾਂ ਤੇ ਦਲਿਤ ਨਾਲ ਵੀ ਧੋਖਾ ਕੀਤਾ। ਪੈਨਸ਼ਨ, ਵਜ਼ੀਫੇ ਤੇ ਹੋਰ ਸਹੂਲਤਾਂ ਬੰਦ ਕੀਤੀਆਂ ਤੇ ਮੁਲਾਜ਼ਮਾਂ ਨੂੰ ਤਨਖ਼ਾਹ ਨਹੀਂ ਮਿਲ ਰਹੀ।"