ਮਜੀਠੀਆ ਤੋਂ ਮਾਫੀ ਮੰਗ ਕੇਜਰੀਵਾਲ ਬਣਿਆ ਹਾਰਿਆ 'ਜੁਆਰੀ'
ਏਬੀਪੀ ਸਾਂਝਾ | 16 Mar 2018 01:00 PM (IST)
ਚੰਡੀਗੜ੍ਹ: ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕੇਜਰੀਵਾਲ ਦੇ ਮਜੀਠੀਆ ਤੋਂ ਮੁਆਫ਼ੀ ਮੰਗਣ 'ਤੇ ਕਈ ਸ਼ਬਦੀ ਵਾਰ ਕੀਤੇ। ਸਿੱਧੂ ਨੇ ਕੇਜਰੀਵਾਲ ਨੂੰ ਹਾਰਿਆ ਹੋਇਆ ਜੁਆਰੀ ਤਕ ਕਰਾਰ ਦੇ ਦਿੱਤਾ। ਸਿੱਧੂ ਨੇ ਬਿਨਾ ਮਜੀਠੀਆ ਤੇ ਨਸ਼ਿਆਂ ਦਾ ਨਾਂ ਲਏ ਕਿਹਾ ਕਿ ਜਿਸ ਵਿਅਕਤੀ ਨੂੰ ਸਾਰਾ ਪੰਜਾਬ ਦੋਸ਼ੀ ਮੰਨਦਾ ਹੈ, ਉਸ ਤੋਂ ਕੇਜਰੀਵਾਲ ਨੇ ਮੁਆਫ਼ੀ ਮੰਗ ਕੇ ਵਿਸਾਹਘਾਤ ਕੀਤਾ ਹੈ। ਨਵਜੋਤ ਸਿੱਧੂ ਨੇ ਕਿਹਾ ਕਿ ਹੁਣ ਪੰਜਾਬ ਵਿੱਚ ਆਮ ਆਦਮੀ ਪਾਰਟੀ ਖ਼ਤਮ ਹੋ ਜਾਵੇਗੀ। ਉਨ੍ਹਾਂ ਕਿਹਾ, "ਕੇਜਰੀਵਾਲ ਨੇ ਪਾਰਟੀ ਦਾ ਰਾਜਨੀਤਕ ਕਤਲ ਕਰ ਦਿੱਤਾ ਹੈ। ਉਹ ਹਾਰਿਆ ਹੋਇਆ ਜੁਆਰੀ ਹੈ। " ਨਵਜੋਤ ਸਿੱਧੂ ਨੇ ਕਿਹਾ ਕਿ ਸਰਕਾਰ STF ਦੀ ਰਿਪੋਰਟ ਤੇ ਕਾਰਵਾਈ ਜ਼ਰੂਰ ਕਰੇਗੀ। ਮਜੀਠੀਆ ਬਾਰੇ ਬੋਲਦਿਆਂ ਮੰਤਰੀ ਨੇ ਕਿਹਾ ਕਿ ਉਸ ਬਾਰੇ ਸਭ ਜਾਣਦੇ ਤੇ ਉਸ 'ਤੇ ਕਾਰਵਾਈ ਹੋਵੇਗੀ। ਸਾਬਕਾ ਕੈਬਨਿਟ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਦਾ ਨਾਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਆਪ ਸੁਪਰੀਮੋ ਕੇਜਰੀਵਾਲ ਨੇ ਨਸ਼ਾ ਤਸਕਰੀ ਨਾਲ ਜੋੜਨ 'ਤੇ ਕੁਝ ਦਿਨ ਪਹਿਲਾਂ ਮੁਆਫ਼ੀ ਮੰਗ ਲਈ ਹੈ। ਮਜੀਠੀਆ ਨੇ ਬੀਤੇ ਕੱਲ੍ਹ ਪ੍ਰੈੱਸ ਕਾਨਫਰੰਸ ਕਰ ਕੇ ਕੇਜਰੀਵਾਲ ਵੱਲੋਂ ਉਨ੍ਹਾਂ ਨੂੰ ਦਿੱਤਾ ਮੁਆਫ਼ੀਨਾਮਾ ਜਨਤਕ ਕੀਤਾ। ਇਸ ਤੋਂ ਬਾਅਦ 'ਆਪ' ਵਿੱਚ ਬਾਗ਼ੀ ਸੁਰਾਂ ਉੱਠਣੀਆਂ ਸ਼ੁਰੂ ਹੋ ਚੁੱਕੀਆਂ ਹਨ। ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਅਸਤੀਫ਼ਾ ਦੇ ਦਿੱਤਾ ਹੈ। ਇਸ ਦੇ ਨਾਲ ਹੀ ਵਿਰੋਧੀ ਧਿਰ ਦੇ ਆਗੂ ਸੁਖਪਾਲ ਖਹਿਰਾ ਤੇ ਵਿਧਾਇਕ ਕੰਵਰ ਸੰਧੂ ਸਮੇਤ ਹੋਰ ਵਿਧਾਇਕ ਇਸ ਮੁੱਦੇ ਬਾਰੇ ਮੀਟਿੰਗ ਵੀ ਕੀਤੀ।