ਚੰਡੀਗੜ੍ਹ: ਬਰਗਾੜੀ ਸਮੇਤ ਸੂਬੇ ਭਰ 'ਚ ਹੋਈਆਂ ਬੇਅਦਬੀਆਂ ਤੇ ਬਹਿਬਲ ਕਲਾਂ ਗੋਲੀ ਕਾਂਡ ਦੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਤੇ ਵਿਧਾਇਕ ਹੁਣ 6 ਅਕਤੂਬਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਸਾਹਮਣੇ ਇੱਕ ਰੋਜ਼ਾ ਭੁੱਖ ਹੜਤਾਲ 'ਤੇ ਬੈਠਣਗੇ। ਪਹਿਲਾਂ ਇਹ ਪ੍ਰੋਗਰਾਮ 7 ਅਕਤੂਬਰ ਨੂੰ ਤੈਅ ਹੋਇਆ ਸੀ।
ਆਮ ਆਦਮੀ ਪਾਰਟੀ ਦੀ ਕੋਰ ਕਮੇਟੀ ਦੀ ਹੰਗਾਮੀ ਬੈਠਕ ਦੌਰਾਨ ਇਹ ਫ਼ੈਸਲਾ ਲਿਆ ਗਿਆ। ਇਸ ਮੀਟਿੰਗ 'ਚ ਕੋਰ ਕਮੇਟੀ ਦੇ ਚੇਅਰਮੈਨ ਪ੍ਰਿੰਸੀਪਲ ਬੁੱਧ ਰਾਮ, ਸੰਸਦ ਮੈਂਬਰ ਭਗਵੰਤ ਮਾਨ, ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਤੇ ਉਪ ਨੇਤਾ ਸਰਬਜੀਤ ਕੌਰ ਸਮੇਤ 'ਆਪ' ਦੇ ਹੋਰ ਵਿਧਾਇਕ ਸ਼ਾਮਲ ਸਨ। ਇਸ ਦੌਰਾਨ ਆਪ ਲੀਡਰਾਂ ਨੇ ਦੱਸਿਆ ਕਿ ਪਾਰਟੀ ਬੇਅਦਬੀਆਂ ਤੇ ਬਹਿਬਲ ਕਲਾਂ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਕਾਨੂੰਨ ਅਨੁਸਾਰ ਸਜ਼ਾ ਚਾਹੁੰਦੀ ਹੈ।
'ਆਪ' ਆਗੂਆਂ ਮੁਤਾਬਕ 6 ਅਕਤੂਬਰ ਦੀ ਭੁੱਖ ਹੜਤਾਲ ਸਵੇਰੇ ਗੁਰਦੁਆਰਾ ਨਾਢਾ ਸਾਹਿਬ ਵਿਖੇ ਮੱਥਾ ਟੇਕਣ ਉਪਰੰਤ ਮੁੱਖ ਮੰਤਰੀ ਨਿਵਾਸ ਦੇ ਸਾਹਮਣੇ ਸ਼ੁਰੂ ਹੋਵੇਗੀ ਜਿਸ ਵਿੱਚ ਸਿਰਫ਼ ਸੰਸਦ ਤੇ ਵਿਧਾਇਕ ਹੀ ਸ਼ਾਮਲ ਹੋਣਗੇ। ਇਸ ਤੋਂ ਬਾਅਦ 7 ਅਕਤੂਬਰ ਤੇ 14 ਅਕਤੂਬਰ ਨੂੰ ਬਹਿਬਲ ਕਲਾਂ ਗੋਲੀ ਕਾਂਡ ਦੀ ਤੀਜੀ ਵਰ੍ਹੇਗੰਢ ਉੱਤੇ ਆਪ ਸੰਸਦ ਅਤੇ ਵਿਧਾਇਕ ਬਰਗਾੜੀ ਵਿਖੇ ਨਤਮਸਤਕ ਹੋਣਗੇ।