ਨਵੀਂ ਦਿੱਲੀ: ਲਗਾਤਾਰ ਰੋਜ਼ ਵਾਂਗ ਵਧ ਰਹੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਤੋਂ ਬਾਅਦ ਕੱਲ੍ਹ 52 ਦਿਨਾਂ ਬਾਅਦ ਕੁੱਝ ਰਾਹਤ ਮਿਲੀ। ਚੁਫੇਰਿਉਂ ਤਿੱਖੀ ਆਲੋਚਨਾ ਤੋਂ ਬਾਅਦ ਮੋਦੀ ਸਰਕਾਰ ਨੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ 2.50 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਕਟੌਤੀ ਕੀਤੀ ਗਈ। ਪੰਜਾਬ 'ਚ ਤੇਲ ਦੀਆਂ ਕੀਮਤਾਂ 'ਚ 2.70 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਕਟੌਤੀ ਕੀਤੀ ਗਈ ਹੈ। ਕੇਂਦਰ ਦੀ ਤਰਜ਼ 'ਤੇ ਕੁਝ ਸੂਬਿਆਂ ਨੇ ਵੀ ਆਪਣੇ ਪੱਧਰ 'ਤੇ ਤੇਲ ਤੇ ਵੈਟ 'ਚ ਕਟੌਤੀ ਦਾ ਐਲਾਨ ਕੀਤਾ, ਜਿਸ ਕਾਰਨ ਉੱਥੋਂ ਦੇ ਲੋਕਾਂ ਨੂੰ ਤੇਲ ਦੀ ਕੀਮਤ ਵਿੱਚ ਪੰਜ ਰੁਪਏ ਪ੍ਰਤੀ ਲੀਟਰ ਕਟੌਤੀ ਦਾ ਲਾਭ ਮਿਲ ਗਿਆ ਹੈ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਤੇਲ ਦੀਆਂ ਕੀਮਤਾਂ ਸੋਧਣ ਲਈ ਵਿਸ਼ੇਸ਼ ਬੈਠਕ ਸੱਦੀ ਹੈ। ਉਨ੍ਹਾਂ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੂੰ ਇੱਕ ਤਜਵੀਜ਼ ਬਣਾਉਣ ਲਈ ਵੀ ਕਿਹਾ ਹੈ ਤਾਂ ਜੋ ਵੈਟ ਘਟਾਉਣ ਤੋਂ ਬਾਅਦ ਸਰਕਾਰ ਨੂੰ ਹੋਣ ਵਾਲੇ ਨੁਕਾਸਨ ਦਾ ਜਾਇਜ਼ਾ ਲਾਇਆ ਜਾ ਸਕੇ। ਇਸ ਸਮੇਂ ਪੰਜਾਬ 'ਚ ਪੈਟਰੋਲ 'ਤੇ 36% ਤੇ ਡੀਜ਼ਲ 'ਤੇ 17% ਵੈਟ ਵਸੂਲਿਆ ਜਾਂਦਾ ਹੈ।

ਮਹਾਰਾਸ਼ਟਰ, ਉੱਤਰ ਪ੍ਰਦੇਸ਼, ਗੁਜਰਾਤ, ਹਿਮਾਚਲ ਪ੍ਰਦੇਸ਼, ਝਾਰਖੰਡ, ਆਸਾਮ ਤੇ ਤ੍ਰਿਪੁਰਾ ਨੇ ਤੇਲ ਦੀਆਂ ਕੀਮਤਾਂ 'ਤੇ ਵੈਟ 'ਚ 2.5 ਫੀਸਦੀ ਕਟੌਤੀ ਕਰਨ ਦਾ ਐਲਾਨ ਕੀਤਾ। ਇਸ ਤਰ੍ਹਾਂ ਇਨ੍ਹਾਂ ਰਾਜਾਂ 'ਚ ਤੇਲ ਦੀਆਂ ਕੀਮਤਾਂ 'ਚ ਪ੍ਰਤੀ ਲੀਟਰ ਦੇ ਹਿਸਾਬ ਨਾਲ 5 ਰੁਪਏ ਦੀ ਕਟੌਤੀ ਹੋ ਗਈ ਹੈ। ਮਹਾਰਾਸ਼ਟਰ 'ਚ ਸਿਰਫ ਪੈਟਰੋਲ 'ਤੇ ਵੈਟ ਘਟਾਇਆ ਜਦਕਿ ਝਾਰਖੰਡ 'ਚ ਸਿਰਫ ਡੀਜ਼ਲ ਦੀਆਂ ਕੀਮਤਾਂ 'ਤੇ ਇਹ ਕਟੌਤੀ ਕੀਤੀ ਗਈ।

ਕਾਂਗਰਸ ਨੇ ਬੀਜੇਪੀ ਵੱਲੋਂ ਤੇਲ ਦੀਆਂ ਕੀਮਤਾਂ 'ਚ ਕੀਤੀ 2.50 ਰੁਪਏ ਪ੍ਰਤੀ ਲੀਟਰ ਦੀ ਕਟੌਤੀ ਨੂੰ ਹਾਥੀ ਜਿਹੀ ਵੱਡੀ ਮਹਿੰਗਾਈ ਦੇ ਸਾਹਮਣੇ ਕੀੜੀ ਜਿੰਨੀ ਰਾਹਤ ਕਰਾਰ ਦਿੱਤਾ। ਕਾਂਗਰਸ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਅਜਿਹੀ ਰਾਹਤ ਦਾ ਕੋਈ ਮਤਲਬ ਨਹੀਂ ਕਿਉਂਕਿ ਇਹ ਨਾਮਾਤਰ ਹੈ।

2014 ਤੋਂ ਬਾਅਦ ਕਈ ਵਾਰ ਵਧਾਈ ਤੇਲ 'ਤੇ ਐਕਸਾਇਜ਼ ਡਿਊਟੀ:

ਨਵੰਬਰ 2014 ਤੋਂ ਜਨਵਰੀ 2016 ਦਰਮਿਆਨ 9 ਵਾਰ 'ਚ ਪੈਟਰੋਲ 'ਤੇ 11.77 ਰੁਪਏ ਅਤੇ ਡੀਜ਼ਲ 'ਤੇ 13.47 ਰੁਪਏ ਡਿਊਟੀ ਵਧਾਈ ਗਈ ਹੈ। ਜਦਕਿ ਦੋ ਵਾਰ ਸਿਰਫ 3.5 ਰੁਪਏ ਕਟੌਤੀ ਕੀਤੀ ਗਈ।

ਸਾਲ 2014-15 'ਚ ਪੈਟਰੋਲੀਅਮ ਤੇ ਐਕਸਾਇਜ਼ ਡਿਊਟੀ ਤੋਂ ਕੇਂਦਰ ਸਰਕਾਰ ਨੇ 99,184 ਕਰੋੜ ਰੁਪਏ ਕਮਾਏ ਸਨ। ਸਾਲ 2017-18 'ਚ ਇਹ ਰਕਮ ਵਧ ਕੇ 2,29,019 ਕਰੋੜ ਰੁਪਏ ਹੋ ਗਈ।