ਚੰਡੀਗੜ੍ਹ: ਬਾਗੀ ਵਿਧਾਇਕਾਂ ਵੱਲੋਂ ਆਮ ਆਦਮੀ ਪਾਰਟੀ (ਆਪ) ਨੂੰ ਕੁਝ ਰਾਹਤ ਦੀ ਖਬਰ ਆਈ ਹੈ। ਬਾਗੀ ਵਿਧਾਇਕ ਪਾਰਟੀ ਨਾਲੋਂ ਦੂਰੀ ਤਾਂ ਬਣਾਈ ਰੱਖਣਗੇ ਪਰ ਅਸਤੀਫੇ ਨਹੀਂ ਦੇਣਗੇ। ਇਸ ਲਈ ਆਮ ਆਦਮੀ ਪਾਰਟੀ ਕੋਲ ਵਿਰੋਧੀ ਧਿਰ ਦਾ ਰੁਤਬਾ ਵੀ ਬਰਕਰਾਰ ਰਹੇਗਾ। ਇਸ ਤੋਂ ਇਹ ਵੀ ਸਾਫ ਹੈ ਕਿ ਖਹਿਰਾ ਧੜੇ ਦੇ ਮੰਨੇ ਜਾਂਦੇ ਪੰਜ ਵਿਧਾਇਕ ਉਨ੍ਹਾਂ ਦੀ ਪੰਜਾਬੀ ਏਕਤਾ ਪਾਰਟੀ ਵਿੱਚ ਸ਼ਾਮਲ ਨਹੀਂ ਹੋਣਗੇ।


ਯਾਦ ਰਹੇ ਭੁੱਲਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਤੇ ਜੈਤੋ ਤੋਂ ਵਿਧਾਇਕ ਮਾਸਟਰ ਬਲਦੇਵ ਸਿੰਘ ਵੱਲੋਂ ਅਸਤੀਫਾ ਦੇਣ ਮਗਰੋਂ ਆਮ ਆਦਮੀ ਪਾਰਟੀ ਨੂੰ ਹੱਥਾਂ-ਪੈਰਾਂ ਦੀ ਪੈ ਗਈ ਸੀ। ਅਸਤੀਫਿਆਂ ਦੇ ਦੌਰ ਨੂੰ ਰੋਕਣ ਲਈ ਪਾਰਟੀ ਨੇ ਸੁਖਪਾਲ ਖਹਿਰਾ ਦੀ ਵਿਧਾਇਕ ਖੋਹਣ ਲਈ ਵਿਧਾਨ ਸਭਾ ਸਪੀਕਰ ਕੋਲ ਵੀ ਪਹੁੰਚ ਕੀਤੀ ਸੀ। ਇਸ ਮਗਰੋਂ ਚਰਚਾ ਸੀ ਕਿ ਸਾਰੇ ਬਾਗੀ ਵਿਧਾਇਕਾਂ ਵੱਲੋਂ ਅਸਤੀਫਾ ਦੇਣ ਨਾਲ ਪਾਰਟੀ ਤੋਂ ਵਿਧਾਨ ਸਭਾ ਵਿੱਚ ਵਿਰੋਧੀ ਧਿਰਾ ਦਾ ਰੁਤਬਾ ਖੁਸ ਸਕਦਾ ਹੈ।

ਮੀਡੀਆ ਰਿਪੋਰਟ ਮੁਤਾਬਕ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਬਾਗ਼ੀ ਧੜੇ ਦੇ ਬਾਕੀ ਪੰਜ ਵਿਧਾਇਕ ਪਾਰਟੀ ਜਾਂ ਵਿਧਾਨ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫ਼ੇ ਨਹੀਂ ਦੇਣਗੇ। ਇਸ ਬਾਰੇ ਮਾਨਸਾ ਤੋਂ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਨੇ ਕਿਹਾ ਹੈ ਕਿ ਲੀਡਰਸ਼ਿਪ ਨਾਲ ਉਨ੍ਹਾਂ ਦੇ ਮੱਤਭੇਦ ਭਾਵੇਂ ਅਜੇ ਵੀ ਬਰਕਰਾਰ ਹਨ, ਪਰ ਉਹ ਨਾ ਤਾਂ ਅਸਤੀਫ਼ਾ ਦੇ ਰਹੇ ਹਨ ਤੇ ਨਾ ਹੀ ਉਨ੍ਹਾਂ ਦਾ ਕਿਸੇ ਹੋਰ ਪਾਰਟੀ ਵਿੱਚ ਸ਼ਾਮਲ ਹੋਣ ਦਾ ਕੋਈ ਇਰਾਦਾ ਹੈ।

ਇਸੇ ਤਰ੍ਹਾਂ ਵਿਧਾਨ ਸਭਾ ਹਲਕਾ ਮੌੜ ਦੇ ਬਾਗੀ ਧੜੇ ਦੇ ਵਿਧਾਇਕ ਜਗਦੇਵ ਸਿੰਘ ਕਮਾਲੂ ਨੇ ਕਿਹਾ ਕਿ ਨਾ ਤਾਂ ਉਹ ਪਾਰਟੀ ਤੋਂ ਤੇ ਨਾ ਹੀ ਵਿਧਾਇਕ ਵਜੋਂ ਅਸਤੀਫ਼ਾ ਦੇਣਗੇ। ਉਹ ਵਿਧਾਇਕ ਵਜੋਂ ਹਲਕੇ ਦੇ ਵਸਨੀਕਾਂ ਲਈ ਕੰਮ ਕਰਨਗੇ ਤੇ ਪੰਜਾਬ ਦੇ ਹਿਤਾਂ ਦੀ ਗੱਲ ਕਰਨ ਵਾਲੀਆਂ ਧਿਰਾਂ ਦਾ ਸਾਥ ਦੇਣਗੇ। ਹਲਕਾ ਭਦੌੜ ਦੇ ਬਾਗੀ ਵਿਧਾਇਕ ਪਿਰਮਲ ਸਿੰਘ ਧੌਲਾ ਤੇ ਹਲਕਾ ਰਾਏਕੋਟ ਦੇ ਵਿਧਾਇਕ ਜਗਤਾਰ ਸਿੰਘ ਜੱਗਾ ਨੇ ਵੀ ਇਹੋ ਗੱਲ ਦੁਹਰਾਈ। ਪਾਰਟੀ ਦੇ ਖਰੜ ਤੋਂ ਵਿਧਾਇਕ ਕੰਵਰ ਸੰਧੂ ਨੇ ਕਿਹਾ ਕਿ ਖਹਿਰਾ ਤੋਂ ਇਲਾਵਾ ਇਸ ਧੜੇ ਦੇ ਬਾਕੀ 6 ਵਿਧਾਇਕਾਂ ਨੇ ਮੀਟਿੰਗ ਕਰਕੇ ਆਪੋ-ਆਪਣੇ ਹਲਕਿਆਂ ਦੇ ਲੋਕਾਂ ਨਾਲ ਸੰਪਰਕ ਬਣਾਉਣ ਦਾ ਫੈਸਲਾ ਲਿਆ ਹੈ।