ਚੰਡੀਗੜ੍ਹ: ਲੁਧਿਆਣਾ ਦੇ ਲਾਢੋਵਾਲ ਸਥਿਤ ਟੋਲ ਪਲਾਜ਼ਾ ਨੂੰ ਬੀਤੇ ਕੱਲ੍ਹ ਤੋਂ ਬੰਦ ਕਰਨ ਵਾਲੇ ਕਾਂਗਰਸੀ ਲੀਡਰਾਂ ਨੂੰ ਆਮ ਆਦਮੀ ਪਾਰਟੀ ਡਰਾਮੇਬਾਜ਼ ਕਰਾਰ ਦਿੱਤਾ ਹੈ। 'ਆਪ' ਨੇ ਪੰਜਾਬ ਦੇ ਕੈਬਿਨੇਟ ਮੰਤਰੀ ਭਾਰਤ ਭੂਸ਼ਨ ਆਸ਼ੂ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੂੰ ਚੋਣਾਂ ਤੋਂ ਪਹਿਲਾਂ ਅਜਿਹੇ ਸਟੰਟ ਕਰਨ ਦੀ ਥਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੋਠੀ ਦੇ ਬਾਹਰ ਧਰਨਾ ਲਗਾਉਣ।
ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਲੀਡਰ ਹਰਪਾਲ ਚੀਮਾ ਨੇ ਕਿਹਾ ਕਿ ਸੂਬੇ ਵਿਚ ਕਾਂਗਰਸੀ ਮੰਤਰੀ ਅਤੇ ਸੰਸਦ ਮੈਂਬਰ ਵੱਲੋਂ ਆਪਣੀ ਹੀ ਸਰਕਾਰ ਦੇ ਖ਼ਿਲਾਫ਼ ਹੰਗਾਮਾ ਕਰਕੇ ਸਿੱਧ ਕਰ ਦਿੱਤਾ ਹੈ ਕਿ ਸਰਕਾਰ ਵਿਚ ਕਿਸੇ ਦੀ ਸੁਣਵਾਈ ਨਹੀਂ ਹੈ। ਵਿਰੋਧੀ ਧਿਰ ਦੀ ਉਪ ਨੇਤਾ ਤੇ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਨੇ ਕਿਹਾ ਕਿ ਲੁਧਿਆਣਾ ਲੈਂਡ ਸਕੈਮ ਵਿਚ ਫਸੇ ਕੈਬਿਨੇਟ ਮੰਤਰੀ ਆਸ਼ੂ ਹੁਣ ਮਾਮਲੇ ਤੋਂ ਧਿਆਨ ਭਟਕਾਉਣ ਲਈ ਟੋਲ ਪਲਾਜ਼ਾ 'ਤੇ ਡਰਾਮਾ ਕਰ ਰਹੇ ਹਨ।
ਬਠਿੰਡਾ ਦਿਹਾਤੀ ਤੋਂ ਵਿਧਾਇਕ ਰੁਪਿੰਦਰ ਕੌਰ ਰੂਬੀ ਨੇ ਕਿਹਾ ਕਿ ਬਾਦਲ-ਕੈਪਟਨ ਦੀ ਆਪਸੀ ਸਾਂਝ ਕਾਰਨ ਬਾਦਲਾਂ ਵੱਲੋਂ ਸ਼ੁਰੂ ਕੀਤਾ ਟਰਾਂਸਪੋਰਟ ਮਾਫ਼ੀਆ, ਰੇਤ ਮਾਫ਼ੀਆ, ਨਸ਼ਾ ਮਾਫ਼ੀਆ ਆਦਿ ਹੁਣ ਕਾਂਗਰਸੀਆਂ ਦੀ ਭਾਈਵਾਲੀ ਨਾਲ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਆਸ਼ੂ ਤੇ ਬਿੱਟੂ ਨੂੰ ਬਠਿੰਡਾ-ਮਾਨਸਾ ਰੋਡ 'ਤੇ ਸਰਕਾਰ ਵੱਲੋਂ ਲਗਾਏ ਜਾ ਰਹੇ ਟੋਲ 'ਤੇ ਧਰਨਾ ਦੇਣ ਲਈ ਵੀ ਸੱਦਾ ਦਿੰਦੇ ਹਨ।
ਉਨ੍ਹਾਂ ਕਿਹਾ ਕਿ ਜੇਕਰ ਦੋਵੇਂ ਆਗੂ ਇਸ ਸੰਬੰਧੀ ਕੈਪਟਨ ਦੇ ਘਰ ਬਾਹਰ ਧਰਨਾ ਦੇਣ ਲਈ ਤਿਆਰ ਹਨ ਤਾਂ ਉਹ ਉਨ੍ਹਾਂ ਦੇ ਨਾਲ ਧਰਨਾ ਦੇਣ ਲਈ ਬੈਠਣਗੇ। ਰੂਬੀ ਨੇ ਕਿਹਾ ਕਿ ਆਗੂਆਂ ਨੂੰ ਆਪਣੀਆਂ ਰਾਜਨੀਤੀ ਚਮਕਾਉਣ ਦੀ ਥਾਂ ਲੋਕਾਂ ਦੇ ਮੁੱਦਿਆਂ ਪ੍ਰਤੀ ਗੰਭੀਰ ਹੋਣਾ ਚਾਹੀਦਾ ਹੈ।