ਲੁਧਿਆਣਾ: ਸ਼ਹਿਰ ਦੇ ਸਿੱਧਵਾਂ ਨਹਿਰ ਕੋਲ ਤੇਜ਼ ਰਫ਼ਤਾਰ ਆਈ-20 ਕਾਰ ਦੇ ਬੇਕਾਬੂ ਹੋ ਕੇ ਡਿੱਗ ਗਈ, ਜਿਸ ਵਿੱਚ ਸਵਾਰ ਚਾਰ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕਾਂ ਦੀ ਸ਼ਨਾਖ਼ਤ ਸਾਨਿਆ, ਭਵਨੀਤ, ਕਸ਼ਿਸ਼ ਤੇ ਦੇਵੇਸ਼ ਵਜੋਂ ਹੋਈ ਹੈ।
ਮ੍ਰਿਤਕਾਂ 'ਚ ਸ਼ਾਮਲ ਸਾਨਿਆ (23) ਤੇ ਭਵਨੀਤ (25) ਭੈਣ-ਭਰਾ ਅਤੇ ਦੁੱਗਰੀ ਦੇ ਰਹਿਣ ਵਾਲੇ ਮਨਪ੍ਰੀਤ ਜੁਨੇਜਾ ਦੇ ਬੱਚੇ ਸਨ। ਮ੍ਰਿਤਕ ਕਸ਼ਿਸ਼ ਲੁਧਿਆਣਾ ਦੇ ਮਾਡਲ ਟਾਊਨ ਦਾ ਰਹਿਣ ਵਾਲਾ ਸੀ ਅਤੇ ਦੇਵੇਸ਼ ਕੁਮਾਰ ਲਖਨਊ ਦਾ ਰਹਿਣ ਵਾਲਾ ਸੀ ਤੇ ਇੱਥੇ ਆਈਲੈਟਸ ਕਰਨ ਲਈ ਦੋ ਦਿਨ ਪਹਿਲਾਂ ਹੀ ਆਇਆ ਸੀ।
ਪ੍ਰਾਪਤ ਜਾਣਕਾਰੀ ਮੁਤਾਬਕ ਘਟਨਾ ਸ਼ੁੱਕਰਵਾਰ ਦੇਰ ਰਾਤ ਵਾਪਰੀ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਕਰੇਨ ਦੀ ਮਦਦ ਨਾਲ ਨਹਿਰ ਵਿੱਚੋਂ ਕਾਰ ਨੂੰ ਕਢਵਾਇਆ। ਕਾਰ ਸਵਾਰਾਂ ਨੂੰ ਨੇੜਲੇ ਦੀਪ ਹਸਪਤਾਲ, ਡੀਐਮਸੀ ਅਤੇ ਰਘੂਨਾਥ ਹਸਪਤਾਲਾਂ ਵਿੱਚ ਭੇਜਿਆ ਗਿਆ, ਪਰ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਘਟਨਾ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ।