ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਦੀ ਕੋਰ ਕਮੇਟੀ ਦੇ ਚੇਅਰਮੈਨ ਤੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਪੰਚਾਇਤੀ ਚੋਣਾਂ ਵਿੱਚ ਸੱਤਾਧਾਰੀ ਕਾਂਗਰਸ ਉੱਤੇ ਧੱਕੇਸ਼ਾਹੀ ਤੇ ਗੁੰਡਾਗਰਦੀ ਦੇ ਇਲਜ਼ਾਮ ਲਾਉਂਦੇ ਹੋਏ ਕਿਹਾ ਕਿ ਕੈਪਟਨ ਸਰਕਾਰ ਇਸ ਦੀ ਕੀਮਤ ਚੁੱਕਾਉਣ ਲਈ ਤਿਆਰ ਰਹੇ। ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ ਸੱਤਾ ਦੇ ਨਸ਼ੇ ਵਿੱਚ ਹੰਕਾਰੇ ਕਾਂਗਰਸੀਆਂ ਨੇ ਜਮਹੂਰੀਅਤ ਦੀ ਨੀਂਹ ਮੰਨੀ ਜਾਂਦੀ ਪੰਚਾਇਤੀ ਰਾਜ ਪ੍ਰਣਾਲੀ ਨੂੰ ਤਬਾਹ ਕਰ ਕੇ ਰੱਖ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਪਹਿਲਾਂ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ 'ਚ ਕਾਂਗਰਸ ਨੇ ਬੂਥ ਲੁੱਟਣ ਤੱਕ ਦੀ ਗੁੰਡਾਗਰਦੀ ਕੀਤੀ ਸੀ। ਵਿਰੋਧੀ ਧਿਰਾਂ ਨਾਲ ਸਬੰਧਤ ਸੈਂਕੜੇ ਮਜ਼ਬੂਤ ਉਮੀਦਵਾਰਾਂ ਦੇ ਕਾਗ਼ਜ਼ ਰੱਦ ਕਰਵਾਏ ਸਨ। ਉਸ ਵੇਲੇ ਰਾਜ ਚੋਣ ਕਮਿਸ਼ਨ ਸਮੇਤ ਸਮੁੱਚੀ ਸਰਕਾਰੀ ਮਸ਼ੀਨਰੀ ਬੇਬੱਸ ਹੋ ਗਈ ਸੀ, ਪਰ ਹੁਣ ਕਾਂਗਰਸੀਆਂ ਦੇ ਨਾਪਾਕ ਹੌਸਲੇ ਹੋਰ ਵੀ ਜ਼ਿਆਦਾ ਵਧ ਗਏ ਹਨ।
ਇਸ ਕਰਕੇ ਬਹੁਗਿਣਤੀ ਜ਼ਿਲ੍ਹਿਆਂ ਵਿੱਚ ਪੁਲਿਸ ਤੇ ਪ੍ਰਸ਼ਾਸਨ ਕਠਪੁਤਲੀ ਵਾਂਗ ਕਾਂਗਰਸੀਆਂ ਦੇ ਹੱਥਾਂ 'ਚ ਖੇਡ ਰਿਹਾ ਹੈ। ਸੈਂਕੜਿਆਂ ਦੀ ਗਿਣਤੀ ਵਿੱਚ ਗੈਰ ਕਾਂਗਰਸੀ ਉਮੀਦਵਾਰਾਂ ਦੇ ਨਾਮਜ਼ਦਗੀ ਕਾਗ਼ਜ਼ ਬਿਨਾ ਕਿਸੇ ਕਾਰਨ ਰੱਦ ਕੀਤੇ ਜਾ ਰਹੇ ਹਨ। ਇਸ ਸਬੰਧੀ 'ਆਪ' ਵਫ਼ਦ ਵੱਲੋਂ ਰਾਜ ਚੋਣ ਕਮਿਸ਼ਨ ਨੂੰ ਜਾਣੂ ਕਰਵਾ ਦਿੱਤਾ ਗਿਆ ਹੈ, ਪਰ ਚੋਣ ਕਮਿਸ਼ਨ ਦੀ ਸਰਕਾਰ ਦੇ ਭਾਰੀ ਦਬਾਅ ਹੇਠ ਦੱਬੇ ਜਾਪਦੇ ਹਨ।
ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ ਆਮ ਆਦਮੀ ਪਾਰਟੀ ਲੋਕਤੰਤਰ ਦੀ ਮੁੱਢਲੀ ਬੁਨਿਆਦ ਨੂੰ ਤਹਿਸ-ਨਹਿਸ ਕਰ ਰਹੀ ਕਾਂਗਰਸ ਦੀ ਸਖ਼ਤ ਆਲੋਚਨਾ ਕਰਦੀ ਹੈ। ਇਸ ਵਿਰੁੱਧ ਸੜਕ ਤੋਂ ਲੈ ਕੇ ਸੰਸਦ ਤੱਕ ਆਵਾਜ਼ ਉਠਾਏਗੀ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ 10 ਸਾਲ ਅਕਾਲੀ-ਭਾਜਪਾ ਸਰਕਾਰ ਨੇ ਵੀ ਲੋਕਤੰਤਰ ਵਿਵਸਥਾ ਦਾ ਇਸੇ ਤਰ੍ਹਾਂ ਮਜ਼ਾਕ ਬਣਾਇਆ ਸੀ ਤੇ ਕਾਂਗਰਸੀ ਅਕਾਲੀ-ਭਾਜਪਾ ਦੀਆਂ ਧੱਕੇਸ਼ਾਹੀਆਂ ਨੂੰ ਵੀ ਮਾਤ ਪਾਉਣ ਲੱਗੇ ਹਨ।
ਪ੍ਰਿੰਸੀਪਲ ਬੁੱਧ ਰਾਮ ਨੇ ਕੈਪਟਨ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਅਜਿਹੀ ਗੁੰਡਾਗਰਦੀ ਕਾਰਨ ਪੰਜਾਬ ਦੇ ਲੋਕਾਂ ਨੇ ਪਹਿਲਾਂ ਅਕਾਲੀ-ਭਾਜਪਾ ਨੂੰ ਸਬਕ ਸਿਖਾਇਆ ਸੀ। ਹੁਣ ਕਾਂਗਰਸ ਵੀ ਪੰਜਾਬ ਦੀ ਜਨਤਾ ਵੱਲੋਂ ਸਿਖਾਏ ਜਾਣ ਵਾਲੇ ਸਖ਼ਤ ਸਬਕ ਲਈ ਤਿਆਰ ਰਹਿਣ।