ਵਿਦਿਆਰਥੀ ਚੋਣਾਂ ਲਈ 'ਆਪ' ਨੇ ਕੀਤੇ ਕਮਰਕੱਸੇ
ਏਬੀਪੀ ਸਾਂਝਾ | 20 Jul 2018 05:53 PM (IST)
ਪੁਰਾਣੀ ਤਸਵੀਰ
ਚੰਡੀਗੜ੍ਹ: ਵਿੱਦਿਅਕ ਅਦਾਰਿਆਂ ਵਿੱਚ ਵਿਦਿਆਰਥੀ ਚੋਣਾਂ ਦੀ ਖੁੱਲ੍ਹ ਮਿਲਣ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਆਪਣੀ ਰਣਨੀਤੀ ਉਲੀਕ ਲਈ ਹੈ। 'ਆਪ' ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਨਾਲ-ਨਾਲ ਪੰਜਾਬ ਦੇ ਕਾਲਜਾਂ ਯੂਨੀਵਰਸਿਟੀਆਂ ਤੇ ਹੋਰ ਵਿੱਦਿਅਕ ਸੰਸਥਾਨਾਂ 'ਚ ਪਾਰਟੀ ਦੇ ਸਟੂਡੈਂਟ ਵਿੰਗ (ਸੀਵਾਈਐਸਐਸ) ਦਾ ਗਠਨ ਕਰਨ ਦਾ ਐਲਾਨ ਕਰ ਦਿੱਤਾ ਹੈ। 'ਆਪ' ਦੇ ਨੌਜਵਾਨ ਬਰਨਾਲਾ ਤੋਂ ਵਿਧਾਇਕ ਤੇ ਵਿਦਿਆਰਥੀ ਵਿੰਗ ਦੇ ਇੰਚਾਰਜ ਗੁਰਮੀਤ ਸਿੰਘ ਮੀਤ ਹੇਅਰ ਨੇ ਪ੍ਰੈੱਸ ਬਿਆਨ ਰਾਹੀਂ ਦੱਸਿਆ ਕਿ ਪੰਜਾਬ ਯੂਨੀਵਰਸਿਟੀ ਤੇ ਚੰਡੀਗੜ੍ਹ ਦੇ ਸਾਰੇ ਕਾਲਜਾਂ ਤੇ ਸਿੱਖਿਆ ਸੰਸਥਾਨਾਂ ਸਮੇਤ ਪੂਰੇ ਪੰਜਾਬ 'ਚ 'ਆਪ' ਸਟੂਡੈਂਟ ਵਿੰਗ ਦਾ ਗਠਨ ਕੀਤਾ ਜਾਵੇਗਾ। ਮੀਤ ਹੇਅਰ ਨੇ ਦੱਸਿਆ ਕਿ ਪੰਜਾਬ ਸਮੇਤ ਪੂਰੇ ਦੇਸ਼ ਦੇ ਨੌਜਵਾਨ ਆਮ ਆਦਮੀ ਪਾਰਟੀ ਦੀ ਵੱਡੀ ਤਾਕਤ ਹੈ, ਜਿਸ 'ਚ ਕਾਲਜਾਂ ਤੇ ਯੂਨੀਵਰਸਿਟੀਆਂ 'ਚ ਪੜ੍ਹ ਰਹੇ ਵਿਦਿਆਰਥੀਆਂ ਦੀ ਵੱਡੀ ਗਿਣਤੀ ਹੈ। ਮੀਤ ਹੇਅਰ ਨੇ ਕਿਹਾ ਕਿ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਨੇ ਸਾਡੇ ਵਰਗੇ ਗ਼ੈਰ-ਰਾਜਨੀਤਕ ਤੇ ਆਮ ਘਰਾਂ ਦੇ ਲੜਕਿਆਂ ਨੂੰ ਜਿਤਾ ਕੇ ਵਿਧਾਨ ਸਭਾ ਤਕ ਪਹੁੰਚਾ ਦਿੱਤਾ ਹੈ, ਉਸੇ ਤਰ੍ਹਾਂ ਆਮ ਆਦਮੀ ਪਾਰਟੀ ਆਮ ਘਰਾਂ ਦੇ ਵਿਦਿਆਰਥੀਆਂ ਤੇ ਵਿਦਿਆਰਥਣਾਂ ਨੂੰ ਅਗਾਂਹਵਧੂ ਸੋਚ ਵਾਲੇ ਆਗੂਆਂ ਵਜੋਂ ਸਥਾਪਤ ਕਰ ਕੇ ਰਾਜਨੀਤੀ 'ਚ ਚੱਲ ਰਹੇ ਭਾਈ-ਭਤੀਜਾਵਾਦ 'ਤੇ ਆਧਾਰਿਤ ਪਰਿਵਾਰਵਾਦੀ ਰੁਝਾਨ ਨੂੰ ਠੱਲ੍ਹ ਪਾਵੇਗੀ। ਉਨ੍ਹਾਂ ਕਿਹਾ ਕਿ ਇਸ ਲਈ ਪਾਰਟੀ ਦੇ ਸੂਬਾ ਸਹਿ-ਪ੍ਰਧਾਨ ਡਾ. ਬਲਬੀਰ ਸਿੰਘ ਤੇ ਪਾਰਟੀ ਦੇ ਹੋਰ ਪ੍ਰਮੁੱਖ ਅਹੁਦੇਦਾਰਾਂ ਨਾਲ ਵਿਸ਼ੇਸ਼ ਬੈਠਕ ਕੀਤੀ ਗਈ। ਬੈਠਕ 'ਚ 'ਆਪ' ਦੇ ਵਿਦਿਆਰਥੀ ਆਗੂ ਅੰਮ੍ਰਿਤ ਸਿੱਧੂ, ਨਵਜੋਤ ਕੌਰ ਲੰਬੀ ਤੇ ਪਰਮਿੰਦਰ ਸਿੰਘ ਗੋਲਡੀ ਨੇ ਹਿੱਸਾ ਲਿਆ ਤੇ ਇਨ੍ਹਾਂ ਚੋਣਾਂ ਲਈ ਰਣਨੀਤੀ ਘੜੀ ਜਾਵੇਗੀ।