ਅਮਰੀਕਾ 'ਚ ਗ਼ੈਰ ਕਾਨੂੰਨੀ ਪ੍ਰਵਾਸੀ ਭਾਰਤੀਆਂ ਬਾਰੇ ਚੰਗੀ ਖ਼ਬਰ!
ਏਬੀਪੀ ਸਾਂਝਾ | 20 Jul 2018 04:03 PM (IST)
ਵਾਸ਼ਿੰਗਟਨ: ਅਮਰੀਕਾ ਦੇ ਓਰੇਗਨ ਸੂਬੇ ਦੀ ਜੇਲ੍ਹ ਵਿੱਚ ਕੈਦ 50 ਗ਼ੈਰ ਕਾਨੂੰਨੀ ਪ੍ਰਵਾਸੀ ਭਾਰਤੀਆਂ ਦੀ ਹਾਲਤ ਵਿੱਚ ਕੁਝ ਸੁਧਾਰ ਆਇਆ ਹੈ। ਕਾਨੂੰਨੀ ਸਲਾਹਕਾਰ ਗਰੁੱਪ ਦੇ ਵਲੰਟੀਅਰਾਂ ਨੇ ਗ਼ੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿੱਚ ਦਾਖ਼ਲ ਹੋਏ ਇਨ੍ਹਾਂ ਸਿੱਖ ਕੈਦੀਆਂ ਨਾਲ ਮੁਲਾਕਾਤ ਕਰਨ ਤੋਂ ਬਾਅਦ ਹਾਲਤ ਸੁਧਰਨ ਬਾਰੇ ਖੁਲਾਸਾ ਕੀਤਾ ਹੈ। ਇਨ੍ਹਾਂ ਕੈਦੀਆਂ ਵਿੱਚ ਜ਼ਿਆਦਾਤਰ ਸਿੱਖ ਹੀ ਹਨ। ਇਸ ਤੋਂ ਪਹਿਲਾਂ ਇਹ ਖ਼ਬਰ ਆਈ ਸੀ ਕਿ ਅਮਰੀਕਾ ਵਿੱਚ ਸ਼ਰਣ ਲੈਣ ਪੁੱਜੇ 50 ਗ਼ੈਰ ਕਾਨੂੰਨੀ ਭਾਰਤੀ ਪ੍ਰਵਾਸੀ ਤੇ ਸਿੱਖਾਂ ਨਾਲ ਅਪਰਾਧੀਆਂ ਵਾਲਾ ਵਤੀਰਾ ਹੋ ਰਿਹਾ ਹੈ। ਇੰਨਾ ਹੀ ਨਹੀਂ ਦਸਤਾਰਧਾਰੀ ਸਿੱਖਾਂ ਦੀਆਂ ਪੱਗਾਂ ਦੀ ਬੇਅਦਬੀ ਵੀ ਕੀਤੀ ਜਾ ਰਹੀ ਹੈ। ਕਮਿਊਨਿਟੀ ਕਾਲਜ ਦੀ ਪ੍ਰੋਫੈਸਰ ਨਵਨੀਤ ਕੌਰ ਨੇ ਕਿਹਾ ਕਿ ਓਰੇਗਨ ਦੀ ਸ਼ੈਰੀਡਨ ਜੇਲ੍ਹ ਵਿੱਚ ਸਿੱਖਾਂ ਤੇ ਹੋਰ ਕੈਦੀਆਂ ਨਾਲ ਮਾੜੇ ਵਤੀਰੇ ਵਾਲਾ ਬਿਆਨ ਉਸ ਦਾ ਨਹੀਂ ਸੀ, ਸਗੋਂ ਮੀਡੀਆ ਨੇ ਇਸ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਹੈ। ਨਵਨੀਤ ਉੱਥੇ ਪੰਜਾਬੀ ਬੋਲਣ ਵਾਲੇ ਭਾਰਤੀਆਂ ਤੇ ਅਧਿਕਾਰੀਆਂ ਦਰਮਿਆਨ ਦੁਭਾਸ਼ੀਏ ਦੇ ਤੌਰ 'ਤੇ ਜੇਲ੍ਹ ਵਿੱਚ ਗਈ ਸੀ। ਜੇਲ੍ਹ ਵਿੱਚ ਜ਼ਿਆਦਾਤਰ ਕੈਦੀ ਪੰਜਾਬ ਤੋਂ ਹਨ ਤੇ ਸਿਰਫ ਪੰਜਾਬੀ ਹੀ ਬੋਲਦੇ ਹਨ। ਨਵਮੀਤ ਕੌਰ ਨੇ ਦੱਸਿਆ ਕਿ ਬੀਤੀ 14 ਜੁਲਾਈ ਨੂੰ ਓਰੇਗਨ ਤੇ ਆਸਟੋਰੀਆ ਵਿੱਚ ਗ਼ਦਰ ਪਾਰਟੀ ਦੀ 105ਵੀਂ ਵਰ੍ਹੇਗੰਢ ਮੌਕੇ ਅਮਰੀਕਾ ਵਿੱਚ ਦਾਖ਼ਲ ਹੋਏ ਪ੍ਰਵਾਸੀਆਂ ਨੂੰ ਆਈਈਸੀ ਵੱਲੋਂ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਉਨ੍ਹਾਂ ਦੇ ਹਾਲਾਤ ਬਾਰੇ ਦੱਸਿਆ ਸੀ। ਹੁਣ ਨਵਨੀਤ ਕੌਰ ਨੇ ਕਿਹਾ ਕਿ ਪ੍ਰਵਾਸੀਆਂ ਨੂੰ ਕੈਦ ਕਰਨਾ ਗ਼ੈਰ ਕਾਨੂੰਨੀ ਹੀ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ ਉਨ੍ਹਾਂ ਨੂੰ ਹੱਥਕੜੀਆਂ ਤੇ ਬੇੜੀਆਂ ਨਾ ਪਾਈਆਂ ਗਈਆਂ ਹੋਣ, ਪਰ ਹੈ ਤਾਂ ਉਹ ਜੇਲ੍ਹ ਵਿੱਚ ਕੈਦ ਹੀ ਹਨ। ਹਾਲਾਂਕਿ, ਸੈਨ ਫ੍ਰਾਂਸਿਸਕੋ ਤੋਂ ਭਾਰਤੀ ਸਫ਼ਾਰਖ਼ਾਨੇ ਦੇ ਅਧਿਕਾਰੀਆਂ ਨੇ ਵੀ ਸ਼ੈਰੀਡਨ ਜੇਲ੍ਹ ਦਾ ਦੌਰਾ ਕੀਤਾ ਤੇ ਕੈਦੀਆਂ ਦੇ ਹਾਲਾਤ ਬਾਰੇ ਜਾਇਜ਼ਾ ਵੀ ਲਿਆ। ਉੱਧਰ ਟਰੰਪ ਸਰਕਾਰ ਗ਼ੈਰ ਕਾਨੂੰਨੀ ਤਰੀਕਿਆਂ ਨਾਲ ਅਮਰੀਕਾ ਵਿੱਚ ਦਾਖ਼ਲ ਹੋਣ ਵਾਲੇ ਪ੍ਰਵਾਸੀਆਂ ਵਿਰੁੱਧ ਸਖ਼ਤੀ ਵਰਤ ਰਹੀ ਹੈ। ਹੁਣ 121 ਵਿਅਕਤੀਆਂ ਨੂੰ ਗ਼ਲਤ ਤਰੀਕਿਆਂ ਨਾਲ ਅਮਰੀਕਾ ਵਿੱਚ ਦਾਖ਼ਲ ਹੋਣ ਤੋਂ ਬਾਅਦ ਉਨ੍ਹਾਂ ਦੇ ਹੀ ਦੇਸ਼ ਵਾਪਸ ਭੇਜੇ ਜਾਣ ਦੇ ਹੁਕਮ ਦਿੱਤੇ ਗਏ ਹਨ।