ਚੰਡੀਗੜ੍ਹ: "ਅਗਲੇ ਸਾਲ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਟਾਲਣ ਲਈ ਪੰਜਾਬ ਵਿੱਚ ਜੰਗ ਦਾ ਭੈਅ ਪੈਦਾ ਕੀਤਾ ਗਿਆ ਹੈ। ਬਾਦਲ ਸਰਕਾਰ ਨੇ ਆਪਣੀ ਹਾਰ ਨੂੰ ਵੇਖ ਕੇ ਕੇਂਦਰ ਵਿਚਲੀ ਆਪਣੀ ਭਾਈਵਾਲ ਸਰਕਾਰ ਨਾਲ ਮਿਲ ਕੇ ਇਹ ਸਾਜ਼ਿਸ਼ ਘੜੀ ਹੈ" ਇਹ ਦਾਅਵਾ ਆਮ ਆਦਮੀ ਪਾਰਟੀ ਨੇ ਕੀਤਾ ਹੈ।

‘ਆਪ’ ਦੇ ਸੂਬਾਈ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਨੇ ਆਖਿਆ ਕਿ ਸਰਹੱਦ ’ਤੇ ਬਣਿਆ ਤਣਾਅ ਆਉਂਦੀਆਂ ਚੋਣਾਂ ਨੂੰ ਅਗਾਂਹ ਪਾਉਣ ਦੀ ਰਣਨੀਤੀ ਹੈ। ਉਨ੍ਹਾਂ ਨੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਸਥਿਤੀ ਸਪਸ਼ਟ ਕਰਨ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਸਰਹੱਦੀ ਪਿੰਡਾਂ ਦੇ ਲੋਕ ਵੀ ਇਹ ਕਹਿ ਰਹੇ ਹਨ ਕਿ ਚੋਣਾਂ ਟਾਲਣ ਲਈ ਹੀ ਜੰਗ ਦਾ ਮੁੱਦਾ ਘੜਿਆ ਗਿਆ ਹੈ।

ਗੁਰਪ੍ਰੀਤ ਨੇ ਆਖਿਆ ਕਿ ਲੋਕ ਇਸ ਸਬੰਧੀ ਜਵਾਬ ਮੰਗ ਰਹੇ ਹਨ ਕਿ ਇਹ ਤਣਾਅ ਸਿਰਫ਼ ਪੰਜਾਬ ਸਰਹੱਦ ’ਤੇ ਹੀ ਕਿਉਂ ਹੈ, ਗੁਜਰਾਤ ਤੇ ਰਾਜਸਥਾਨ ਦੀ ਸਰਹੱਦ ’ਤੇ ਕਿਉਂ ਨਹੀਂ। ਉਨ੍ਹਾਂ ਕਿਹਾ ਕਿ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਇਸ ਬਾਰੇ ਸਪਸ਼ਟ ਜਾਣਕਾਰੀ ਦੇਣੀ ਚਾਹੀਦੀ ਹੈ। ਉਨ੍ਹਾਂ ਆਖਿਆ ਕਿ ਸਰਹੱਦੀ ਪਿੰਡਾਂ ਦੇ ਲੋਕਾਂ ਲਈ ਕੋਈ ਪ੍ਰਬੰਧ ਨਹੀਂ ਕੀਤੇ ਗਏ, ਨਾ ਕਿਸੇ ਥਾਂ ਮੈਡੀਕਲ ਕੈਂਪ ਹੈ ਤੇ ਨਾ ਹੀ ਕਿਸੇ ਥਾਂ ਕੋਈ ਐਂਬੂਲੈਂਸ ਦੇਖੀ ਹੈ। ਸਹਿਮ ਕਾਰਨ ਲੋਕ ਆਪਣੀ ਅੱਧ ਪੱਕੀ ਫ਼ਸਲ ਨੂੰ ਕੱਟ ਰਹੇ ਹਨ, ਜਿਸ ਦੀ ਮੰਡੀਆਂ ਵਿੱਚ ਖ਼ਰੀਦ ਨਹੀਂ ਹੋਵੇਗੀ।