ਚੰਡੀਗੜ੍ਹ: ਆਮ ਆਦਮੀ ਪਾਰਟੀ 'ਚ ਟਿਕਟਾਂ ਦੀ ਵੰਡ ਨੂੰ ਲੈ ਕੇ ਘਮਾਸਣ ਜਾਰੀ ਹੈ। ਪੁਰਾਣੇ ਵਰਕਰ ਅਕਾਲੀ ਦਲ,ਕਾਂਗਰਸ ਤੇ ਬੀਜੇਪੀ 'ਚੋਂ ਆਏ ਲੀਡਰਾਂ ਨੂੰ ਟਿਕਟਾਂ ਦੇਣ ਦਾ ਵਿਰੋਧ ਕਰ ਰਹੇ ਹਨ। ਹੁਣ ਹਲਕਾ ਭੁਲੱਥ 'ਚ ਆਮ ਆਦਮੀ ਪਾਰਟੀ ਦੇ ਸਥਾਨਕ ਲੀਡਰਾਂ ਤੇ ਵਰਕਰਾਂ ਨੇ ਸੁਖਪਾਲ ਸਿੰਘ ਖਹਿਰਾ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸੇ ਤਹਿਤ ਹੀ 19 ਤਾਰੀਖ਼ ਨੂੰ ਨਡਾਲਾ ਦੇ 'ਆਪ' ਆਗੂ ਗੁਰਵਿੰਦਰ ਸ਼ਾਹੀ ਨਡਾਲਾ 'ਚ ਬਾਹਰੀ ਉਮੀਦਵਾਰ ਨੂੰ ਟਿਕਟ ਨਾ ਦੇਣ ਦਾ ਵਿਰੋਧ ਕਰ ਰਹੇ ਹਨ। ਦਰ ਅਸਲ ਉਨ੍ਹਾਂ ਦਾ ਮੋਰਚਾ ਸੁਖਪਾਲ ਸਿੰਘ ਖਹਿਰਾ ਦੇ ਖ਼ਿਲਾਫ ਹੈ।
ਸ਼ਾਹੀ ਨੇ ਏਬੀਪੀ ਸਾਂਝਾ ਨਾਲ ਗੱਲਬਾਤ ਕਰਦਿਆਂ ਦੱਸਿਆ ਹੈ ਕਿ ਆਮ ਆਦਮੀ ਪਾਰਟੀ ਲਈ ਦਰੀਆਂ ਵਰਕਰ ਵਿਛਾਉਂਦੇ ਰਹੇ ਹਨ ਤੇ ਟਿਕਟਾਂ ਵੇਲੇ ਮਲਾਈ ਖਾਣ ਕੋਈ ਹੋਰ ਆ ਗਿਆ।ਉਨ੍ਹਾਂ ਕਿਹਾ ਕਿ ਭਲੱਥ ਹਲਕੇ ਦੇ ਬਹੁਤ ਸਾਰੇ ਵਰਕਰ ਖਹਿਰਾ ਤੋਂ ਕਈ ਸਾਲ ਪਹਿਲਾਂ ਆਮ ਆਦਮੀ ਪਾਰਟੀ 'ਚ ਕੰਮ ਕਰ ਰਹੇ ਹਨ ਤੇ ਖਹਿਰਾ ਆਮ ਆਦਮੀ ਨਹੀਂ ਖਾਸ ਨਹੀਂ ਹਨ।  ਉਨ੍ਹਾਂ ਕਿਹਾ ਕਿ ਅਜਿਹੇ ਧਨਾਢਾਂ ਨੂੰ ਟਿਕਟਾਂ ਦੇ ਕੇ ਆਦਮੀ ਪਾਰਟੀ ਪਾਰਟੀ ਵੱਡੀ ਗਲਤੀ ਕਰ ਰਹੀ ਹੈ ਤੇ 'ਆਪ' ਨੂੰ ਇਸ ਬਾਰੇ ਸੋਚਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਉਹ ਹਰ ਪੈਰਾਸ਼ੂਟ ਉਮੀਦਵਾਰ ਦਾ ਵਿਰੋਧ ਕਰਨ ਲਈ ਇਹ ਪ੍ਰਦਰਸ਼ਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਹੋਰ ਪਾਰਟੀਆਂ ਦੇ ਲੀਡਰਾਂ ਨੂੰ ਲੋਕ ਹੱਦ ਦਰਜੇ ਦੀ ਨਫ਼ਰਤ ਕਰਦੇ ਹਨ ਤੇ ਇਹੀ ਕਾਰਨ ਹੈ ਕਾਂਗਰਸ 'ਚੋਂ ਆਏ ਖਹਿਰਾ ਵੀ ਲੋਕਾਂ ਨੂੰ ਹਜ਼ਮ ਨਹੀਂ ਆ ਰਹੇ ਹਨ। ਉਨ੍ਹਾਂ ਕਿਹਾ ਕਿ ਖਹਿਰਾ ਨੂੰ ਟਿਕਟ ਦੇਣ ਦਾ ਮਤਲਬ ਟਿਕਟ ਖਰਾਬ ਕਰਨਾ ਹੈ ਤੇ ਪਾਰਟੀ ਨੂੰ ਅਜਿਹਾ ਫੈਸਲਾ ਲੈਣ ਤੋਂ ਪਹਿਲਾਂ ਸੌ ਵਾਰ ਸੋਚਣਾ ਚਾਹੀਦਾ ਹੈ।


 
ਓਧਰ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਹੈ ਕਿ ਮੈਂ ਇਸ ਮਾਮਲੇ 'ਤੇ ਕੁਝ ਨਹੀਂ ਕਹਿਣਾ ਹੈ ਕਿਉਂਕਿ ਅਜੇ ਤੱਕ ਤਾਂ ਮੇਰੀ ਟਿਕਟ ਦਾ ਹੀ ਐਲਾਨ ਨਹੀਂ ਹੋਇਆ ਹੈ। ਉਨ੍ਹਾਂ ਕਿਹਾ ਕਿ  ਬੀਬੀ ਜਾਗੀਰ ਕੌਰ ਦੇ ਇਸ਼ਾਰਿਆਂ 'ਤੇ ਕਈ ਲੋਕ ਮੇਰੇ ਖ਼ਿਲਾਫ ਕੰਮ ਕਰ ਰਹੇ ਹਨ ਤੇ ਇਹ ਵੀ ਉਨ੍ਹਾਂ 'ਚੋਂ ਇਕ ਹੈ। ਜਦੋਂ ਖਹਿਰਾ ਤੋਂ ਪੁੱਛਿਆ ਗਿਆ ਕਿ ਕੀ ਉਹ
ਗੁਰਵਿੰਦਰ ਨਡਾਲਾ ਖ਼ਿਲਾਫ ਪਾਰਟੀ ਹਾਈਕਮਾਨ ਕੋਲ ਸ਼ਿਕਾਇਤ ਕਰਨਗੇ ਤਾਂ ਉਨ੍ਹਾਂ ਕਿਹਾ ਮੈਨੂੰ ਅਜਿਹਾ ਲੋਕਾਂ ਖ਼ਿਲਾਫ ਸ਼ਿਕਾਇਤ ਕਰਨ ਦੀ ਲੋੜ ਨਹੀਂ ਹੈ।

 
ਬੀਬੀ ਜਾਗੀਰ ਕੌਰ ਦੇ ਜਵਾਈ ਯੁਵਰਾਜ ਭੁਪਿੰਦਰ ਸਿੰਘ  ਨੇ ਕਿਹਾ ਕਿ ਮੀਡੀਆ ਨੂੰ ਖਹਿਰਾ ਤੋਂ ਪੁੱਛਣਾ ਚਾਹੀਦਾ ਹੈ ਕਿ ਕੀ ਪੂਰੇ ਪੰਜਾਬ 'ਚ ਆਮ ਆਦਮੀ ਪਾਰਟੀ ਦੇ ਲੀਡਰ ਤੇ ਵਰਕਰ ਬੀਬੀ ਜਾਗੀਰ ਕੌਰ ਦੇ ਕਹਿਣ 'ਤੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਖਹਿਰਾ ਨੂੰ ਸੁਫਨਿਆਂ 'ਚ ਵੀ ਬੀਬੀ ਜਾਗੀਰ ਕੌਰ ਤੋਂ ਡਰ ਲੱਗਦਾ ਹੈ  ਤੇ ਉਨ੍ਹਾਂ ਨੂੰ ਜਾਗੀਰ ਕੌਰ ਫੋਬੀਆ ਹੋ ਗਿਆ ਹੈ। ਖਹਿਰਾ ਕਾਂਗਰਸ ਹੁੰਦੇ ਹੋਏ ਵੀ ਜਾਗੀਰ ਕੌਰ ਤੋਂ ਡਰਦੇ ਹਨ ਤੇ 'ਆਪ' ਵੀ ਉਨ੍ਹਾਂ ਨੂੰ ਡਰ ਰਹੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਤਾਂ ਖ਼ੁਸੀ ਹੋਵੇਗੀ  ਕਿ ਜੇ ਖਹਿਰਾ ਨੂੰ ਭੁਲੱਥ ਨੂੰ ਟਿਕਟ ਮਿਲੇ ਕਿਉਂਕਿ ਇੱਥੇ ਉਨ੍ਹਾਂ ਦੀ ਹਾਰ ਪੱਕੀ ਹੈ।