ਨਵੀਂ ਦਿੱਲੀ: ਆਮ ਆਦਮੀ ਪਾਰਟੀ ਤੇ ਬੀਜੇਪੀ ਦਾ ਪੱਲਾ ਛੱਡਣ ਵਾਲੇ ਨਵਜੋਤ ਸਿੰਘ ਸਿੱਧੂ ਵਿਚਾਲੇ ਗੱਲ ਕਿਸੇ ਸਿਰੇ ਨਹੀਂ ਲੱਗੀ। ਸੂਤਰਾਂ ਮੁਤਾਬਕ ਸਿੱਧੂ ਦੀ ਮੰਗ ਹੈ ਕਿ ਉਨ੍ਹਾਂ ਨੂੰ ਮੁੱਖ ਮੰਤਰੀ ਦੇ ਅਹੁਦੇ ਦਾ ਉਮੀਦਵਾਰ ਐਲਾਨਿਆ ਜਾਵੇ ਪਰ ਪਾਰਟੀ ਅਜਿਹਾ ਨਹੀਂ ਕਰਨਾ ਚਾਹੁੰਦੀ। ਇਸ ਲਈ ਸਿੱਧੂ ਦੇ 'ਆਪ' ਵਿੱਚ ਸ਼ਾਮਲ ਹੋਣ ਦਾ ਪ੍ਰੋਗਰਾਮ ਫਿਲਹਾਲ ਟਲ ਗਿਆ ਹੈ।


 

ਸੂਤਰਾਂ ਦਾ ਕਹਿਣਾ ਹੈ ਕਿ ਸਿੱਧੂ ਮੁੱਖ ਮੰਤਰੀ ਦੀ ਉਮੀਦਵਾਰੀ 'ਤੇ ਅੜੇ ਹੋਏ ਹਨ। ਉਨ੍ਹਾਂ 'ਤੇ ਕਤਲ ਦੇ ਇਲਜ਼ਾਮ ਕਰਕੇ ਪਾਰਟੀ ਉਨ੍ਹਾਂ ਨੂੰ ਮੁੱਖ ਮੰਤਰੀ ਦਾ ਉਮੀਦਵਾਰ ਐਲਾਨ ਕੇ ਕੋਈ ਮੁਸੀਬਤ ਮੁੱਲ ਨਹੀਂ ਲੈਣਾ ਚਾਹੁੰਦੀ। ਇਸ ਤੋਂ ਇਲਾਵਾ ਪੰਜਾਬ ਦੀ ਲੀਡਰਸ਼ਿਪ ਨੇ ਵੀ ਸਿੱਧੂ ਨੂੰ ਮੁੱਖ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਬਣਾਉਣ ਦਾ ਵਿਰੋਧ ਕੀਤਾ ਸੀ। ਕੇਜਰੀਵਾਲ ਪੰਜਾਬ ਦੇ ਲੀਡਰਾਂ ਤੋਂ ਬਾਹਰ ਜਾ ਕੇ ਕੋਈ ਫੈਸਲਾ ਨਹੀਂ ਕਰਨਾ ਚਾਹੁੰਦੇ।

 

ਪਤਾ ਲੱਗਾ ਹੈ ਕਿ ਪਾਰਟੀ ਅੰਦਰ ਇਸ ਬਾਰੇ ਵੱਖ-ਵੱਖ ਰਾਏ ਹੈ। ਕੇਜਰੀਵਾਲ ਇਸ ਬਾਰੇ ਪੰਜਾਬ ਦੀ ਲੀਡਰਸ਼ਿਪ ਦੀ ਰਾਏ ਨਾਲ ਹੀ ਫੈਸਲਾ ਲੈਣਾ ਚਾਹੁੰਦੇ ਹਨ। ਸਿੱਧੂ ਦੀ ਕੇਜਰੀਵਾਲ ਨਾਲ ਆਖਰੀ ਮੀਟਿੰਗ ਸ਼ੁੱਕਰਵਾਰ ਨੂੰ ਹੋਈ ਸੀ। ਸੂਤਰਾਂ ਮੁਤਾਬਕ ਇਸ ਮੀਟਿੰਗ ਵਿੱਚ ਕੋਈ ਹੱਲ਼ ਨਹੀਂ ਨਿਕਲਿਆ। ਇਹ ਵੀ ਚਰਚਾ ਹੈ ਕਿ ਸਿੱਧੂ ਦੀ ਪਤਨੀ ਨਵਜੋਤ ਕੌਰ ਨੂੰ ਅੱਗੇ ਲਾਉਣ 'ਤੇ ਸਹਿਮਤੀ ਬਣ ਸਕਦੀ ਹੈ। ਫਿਲਹਾਲ ਸਿੱਧੂ ਦੇ ਅਗਲੇ ਪੈਂਤੜੇ ਬਾਰੇ ਕੁਝ ਦੇਰ ਉਡੀਕ ਕਰਨੀ ਪਏਗੀ।

 

ਕਾਬਲੇਗੌਰ ਹੈ ਕਿ ਸਿੱਧੂ ਜੋੜੀ ਦੇ 15 ਅਗਸਤ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦੀ ਚਰਚਾ ਸੀ। ਇਸ ਬਾਰੇ ਇੱਕ ਦਿਨ ਪਹਿਲਾਂ ਸਿੱਧੂ ਤੇ ਕੇਜਰੀਵਾਲ ਵਿਚਾਲੇ ਬਾਕਾਇਦਾ ਮੀਟਿੰਗ ਵੀ ਹੋਈ। ਇਸ ਦੇ ਬਾਵਜੂਦ ਐਨ ਮੌਕੇ 'ਤੇ ਇਹ ਪ੍ਰੋਗਰਾਮ ਨੂੰ ਟਾਲ ਦਿੱਤਾ ਗਿਆ। ਉਂਝ, ਇਸ ਬਾਰੇ ਸਿੱਧੂ ਦੀ ਪਤਨੀ ਨਵਜੋਤ ਕੌਰ ਨੇ ਕਿਹਾ ਸੀ ਕਿ ਉਨ੍ਹਾਂ ਕੋਲ ਕਾਂਗਰਸ ਦੀ ਵੀ ਪੇਸ਼ਕਸ਼ ਆਈ ਸੀ ਪਰ ਉਨ੍ਹਾਂ ਨੇ ਆਮ ਆਦਮੀ ਪਾਰਟੀ ਵਿੱਚ ਜਾਣ ਦਾ ਫੈਸਲਾ ਕਰ ਲਿਆ ਹੈ।