ਅੰਮ੍ਰਿਤਸਰ: ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਅਟਾਰੀ ਸਰਹੱਦ 'ਤੇ ਬੀਐਸਐਫ ਦੇ ਜਵਾਨਾਂ ਨੂੰ ਰੱਖਰੀ ਬੰਨ੍ਹੀ। ਇਸ 'ਤੇ ਬੀਜੇਪੀ ਦੀ ਸੀਨੀਅਰ ਲੀਡਰ ਲਕਸ਼ਮੀ ਕਾਂਤਾ ਚਾਵਲਾ ਨੇ ਸਵਾਲ ਉਠਾਏ ਹਨ। ਉਨ੍ਹਾਂ ਕਿਹਾ ਕਿ ਹਰਸਿਮਰਤ ਨੂੰ ਮੰਤਰੀ ਬਣਨ ਮਗਰੋਂ ਹੀ ਸਰਹੱਦ 'ਤੇ ਤਾਇਨਾਤ ਜਵਾਨ ਯਾਦ ਕਿਉਂ ਆਏ।


 

ਉਨ੍ਹਾਂ ਕਿਹਾ ਕਿ ਉਹ 1968 ਤੋਂ ਜਵਾਨਾਂ ਨੂੰ ਰੱਖਰੀ ਬੰਨ੍ਹਦੇ ਆ ਰਹੇ ਹਨ। ਹਰਸਿਮਰਤ ਕਦੇ ਵੀ ਪਹਿਲਾਂ ਇੱਥੇ ਨਹੀਂ ਆਈ। ਹੁਣ ਮੰਤਰੀ ਬਣਨ ਮਗਰੋਂ ਸਰਕਾਰ ਨੇ ਕਿਹਾ ਤੇ ਉਹ ਇੱਥੇ ਪਹੁੰਚ ਗਏ। ਉਨ੍ਹਾਂ ਕਿਹਾ ਕਿ ਹਰਸਿਮਰਤ ਕੇਂਦਰ ਸਰਕਾਰ ਦੇ ਫੈਸਲੇ ਦੀ ਬੱਝੀ ਹੀ ਇੱਥੇ ਆਈ ਹੈ।

 

 

ਕਾਬਲੇ ਗੌਰ ਹੈ ਕਿ ਅਕਾਲੀ ਦਲ ਨੇ ਡਰੱਗਜ਼ ਨੂੰ ਲੈ ਕੇ ਬੀਐਸਐਫ ਖ਼ਿਲਾਫ਼ ਸਾਲ ਕੁ ਪਹਿਲਾਂ ਮੋਰਚਾ ਲਾਉਣ ਦੀ ਤਿਆਰੀ ਕੀਤੀ ਸੀ। ਅਕਾਲੀ ਦਲ ਨੇ ਇਲਜ਼ਾਮ ਲਾਏ ਸਨ ਕਿ ਪੰਜਾਬ ਵਿੱਚ ਡਰੱਗਜ਼ ਲਈ ਬੀਐਸਐਫ ਜ਼ਿੰਮੇਵਾਰ ਹੈ। ਇਸ ਕਰਕੇ ਅਕਾਲੀ ਦਲ ਦੀ ਅਲੋਚਨਾ ਵੀ ਹੋਈ ਸੀ ਪਰ ਬੁੱਧਵਾਰ ਨੂੰ ਅਕਾਲੀ ਦਲ ਦਾ ਵੱਖਰਾ ਚਿਹਰਾ ਦੇਖਣ ਨੂੰ ਮਿਲਿਆ।

 

 

ਇਸ ਵਾਰ ਅਕਾਲੀ ਦਲ ਨੇ ਸਰਹੱਦ ਦੀ ਰਾਖੀ ਲਈ ਤਾਇਨਾਤ ਸੁਰੱਖਿਆ ਬਲਾਂ ਖ਼ਿਲਾਫ਼ ਨਾਅਰੇਬਾਜ਼ੀ ਨਹੀਂ ਕੀਤੀ, ਸਗੋਂ ਉਨ੍ਹਾਂ ਨਾਲ ਗੀਤ ਗਾਏ। ਅਸਲ ਵਿੱਚ ਮੌਕੇ ਸੀ ਸਰਹੱਦ ਉੱਤੇ ਤਾਇਨਾਤ ਸੈਨਿਕਾਂ ਦੇ ਰੱਖੜੀ ਬੰਨ੍ਹਣ ਦਾ। ਇਸ ਪ੍ਰੋਗਰਾਮ ਵਿੱਚ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਖ਼ਾਸ ਤੌਰ ਉੱਤੇ ਸ਼ਾਮਲ ਹੋਏ।