ਸੰਗਰੂਰ: ਨਸ਼ੇ ਦੀ ਆਦਤ ਪੂਰੀ ਕਰਨ ਲਈ ਅਪਣਾਇਆ ਗੁਨਾਹ ਦਾ ਰਸਤਾ। ਨਸ਼ਾ ਖਰੀਦਣ ਲਈ ਦਿੱਤਾ ਸਨੈਚਿੰਗ ਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਪਰ ਇਸ ਗੁਨਾਹ ਨੂੰ ਕਰਨ ਲਈ ਵੀ ਨਸ਼ੇ ਦੀ ਹੀ ਲੋੜ ਪੈਂਦੀ ਸੀ। ਇਹ ਖੁਲਾਸਾ ਪੁਲਿਸ ਦੀ ਗ੍ਰਿਫਤ ਵਿੱਚ ਆਏ ਇੱਕ ਸਨੈਚਰ ਨੇ ਕੀਤਾ ਹੈ। ਖਬਰ ਸੰਗਰੂਰ ਤੋਂ ਹੈ ਜਿੱਥੇ ਪੁਲਿਸ ਨੇ ਸਨੈਚਿੰਗ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਦੋ ਗਰੋਹਾਂ ਦੇ 14 ਮੈਂਬਰਾਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ।


 

 

 

ਸੰਗਰੂਰ ਪੁਲਿਸ ਦੀ ਗ੍ਰਿਫਤ ਵਿੱਚ ਆਏ ਬੰਟੀ ਤੇ ਨਸ਼ੇ ਲਈ ਸਨੈਚਿੰਗ ਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਦਾ ਇਲਜ਼ਾਮ ਹੈ। ਬੰਟੀ ਨੇ ਆਪਣੇ ਕਬੂਲਨਾਮੇ ਵਿੱਚ ਕਿਹਾ ਕਿ ਉਹ ਨਸ਼ੇ ਦਾ ਆਦੀ ਹੈ ਪਰ ਇਸ ਲਥ ਨੂੰ ਪੂਰਾ ਕਰਨ ਲਈ ਪੈਸੇ ਨਹੀਂ ਮਿਲਣ 'ਤੇ ਗੁਨਾਹ ਦਾ ਰਸਤਾ ਚੁਣ ਲਿਆ। ਇਹ ਵੀ ਮੰਨਿਆ ਕਿ ਉਹ ਹੁਣ ਤੱਕ ਅਨੇਕ ਵਾਰਦਾਤਾਂ ਨੂੰ ਅੰਜਾਮ ਦੇ ਚੁੱਕਾ ਹੈ।

 

 

 

ਪੁਲਿਸ ਨੇ ਅਜਿਹੇ 2 ਗਰੋਹਾਂ ਦਾ ਪਰਦਾਫਾਸ ਕਰ 14 ਲੋਕਾਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਇਨ੍ਹਾਂ ਤੋਂ ਵਾਰਦਾਤਾਂ ਵਿੱਚ ਵਰਤੇ ਗਏ ਹਥਿਆਰ, ਕਈ ਵਹੀਕਲ, ਸੋਨਾ, ਨਕਦੀ, ਪਰਸ ਤੇ ਮੋਬਾਈਲ ਸਮੇਤ ਨਸ਼ੀਲਾ ਪਦਾਰਥ ਵੀ ਬਰਾਮਦ ਕੀਤਾ ਗਿਆ ਹੈ। ਪੁਲਿਸ ਮੁਤਾਬਕ ਇਹ ਗਰੋਹ ਜ਼ਿਆਦਾਤਰ ਔਰਤਾਂ ਨੂੰ ਹੀ ਆਪਣਾ ਸ਼ਿਕਾਰ ਬਣਾਉਂਦਾ ਸੀ। ਫਿਲਾਹਲ ਪੁਲਿਸ ਇਨ੍ਹਾਂ ਤੋਂ ਪੁੱਛਗਿੱਛ ਕਰ ਇਹ ਜਾਣਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਆਖਰ ਇਨ੍ਹਾਂ ਹੋਰ ਕਿਹੜੀਆਂ-ਕਿਹੜੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ।