ਚੰਡੀਗੜ੍ਹ: ਹੁਣ ਕਾਂਗਰਸ ਵੀ ਆਮ ਆਦਮੀ ਪਾਰਟੀ ਦੇ ਰਾਹ ਤੁਰ ਪਈ ਹੈ। ਪੰਜਾਬ ਵਿੱਚ ਨਵੇਂ ਸ਼ਰੀਕ ਵਾਂਗ ਉੱਭਰੀ 'ਆਪ' ਨੂੰ ਟੱਕਰ ਦੇਣ ਲਈ ਕਾਂਗਰਸ ਨੇ 'ਆਪ' ਵਾਲੇ ਹਥਿਆਰ ਹੀ ਇਸਤੇਮਾਲ ਕਰਨੇ ਸ਼ੁਰੂ ਕਰ ਦਿੱਤੇ ਹਨ। ਪਤਾ ਲੱਗਾ ਹੈ ਕਿ ਕਾਂਗਰਸ ਵੀ 'ਆਪ' ਵਾਂਗ ਘਰ-ਘਰ ਜਾ ਕੇ ਵੋਟਰਾਂ ਨਾਲ ਰਾਬਤਾ ਕਾਇਮ ਕਰੇਗੀ। ਇਸ ਲਈ ਅਗਲੇ ਦਿਨਾਂ ਵਿੱਚ ਕਾਂਗਰਸ ਨੇ ‘ਘਰ ਘਰ ਕਾਂਗਰਸ, ਹਰ ਘਰ ਕਾਂਗਰਸ’ ਦੇ ਨਾਅਰੇ ਨਾਲ ਮੁਹਿੰਮ ਚਲਾਉਣ ਦਾ ਫੈਸਲਾ ਕੀਤਾ ਹੈ।     ਕਾਬਲੇਗੌਰ ਹੈ ਕਿ ਹੁਣ ਤੱਕ ਪੰਜਾਬ ਦੀਆਂ ਰਵਾਇਤੀ ਸਿਆਸੀ ਪਾਰਟੀਆਂ ਦੇ ਵੱਡੇ ਲੀਡਰ ਆਮ ਜਨਤਾ ਨਾਲ ਨਹੀਂ ਮਿਲਦੇ ਸਨ। ਉਹ ਚੋਣ ਰੈਲੀਆਂ ਨੂੰ ਹੀ ਸੰਬੋਧਨ ਕਰਦੇ ਸਨ। ਇਸ ਵਾਰ 'ਆਪ' ਦੀ ਆਮਦ ਨਾਲ ਬਹੁਤ ਕੁਝ ਬਦਲਿਆ ਨਜ਼ਰ ਆ ਰਿਹਾ ਹੈ। ਪਹਿਲੀ ਵਾਰ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਕਿਸਾਨਾਂ, ਵਿਦਿਆਰਥੀਆਂ ਤੇ ਵਪਾਰੀਆਂ ਨਾਲ ਮਿਲ ਰਹੇ ਹਨ। ਉਨ੍ਹਾਂ ਨੇ ‘ਹਲਕੇ ਵਿੱਚ ਕੈਪਟਨ’ ਤੇ ‘ਕੌਫੀ ਵਿੱਦ ਕੈਪਟਨ’ ਮੁਹਿੰਮ ਚਲਾਈ ਸੀ। ਉਹ ਲੋਕਾਂ ਨਾਲ ਸਿੱਧਾ ਰਾਬਤਾ ਕਾਇਮ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣ ਰਹੇ ਹਨ।     ਕੈਪਟਨ ਨੇ ਆਪਣੀ ਇਸ ਮੁਹਿੰਮ ਦਾ ਪਹਿਲਾ ਪੜਾਅ ਖ਼ਤਮ ਕਰ ਲਿਆ ਹੈ। ਹੁਣ ਦੂਜੇ ਪੜਾਅ ਵਿੱਚ ਅਗਲੇ ਮਹੀਨੇ ਸਤੰਬਰ ਤੋਂ ‘ਘਰ ਘਰ ਕਾਂਗਰਸ, ਹਰ ਘਰ ਕਾਂਗਰਸ’ ਦੇ ਨਾਅਰੇ ਨਾਲ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਰਾਹੀਂ ਕਾਂਗਰਸ ਵੱਲੋਂ ਘਰ-ਘਰ ਜਾ ਕੇ ਪ੍ਰਚਾਰ ਕੀਤਾ ਜਾਏਗਾ। ਪਾਰਟੀ ਸੂਤਰਾਂ ਮੁਤਾਬਕ 20-20 ਪਾਰਟੀ ਵਰਕਰਾਂ ਤੇ ਨੇਤਾਵਾਂ ਦੀਆਂ ਟੋਲੀਆਂ ਹਰ ਬੂਥ ’ਤੇ ਜਾਣਗੀਆਂ। ਇਹ ਟੀਮਾਂ ਕਰੀਬ 1500-2000 ਵੋਟਰਾਂ ਨਾਲ ਸਿੱਧੀ ਗੱਲਬਾਤ ਕਰਨਗੀਆਂ। ਇਸ ਦੌਰਾਨ ਵੋਟਰਾਂ ਨੂੰ ਕਾਂਗਰਸ ਦੀਆਂ ਪੰਜਾਬ ਬਾਰੇ ਯੋਜਨਾਵਾਂ ਦੱਸਿਆ ਜਾਵੇਗਾ ਤੇ ਵਿਰੋਧੀਆਂ ਦੇ ਚਿਹਰੇ ਨੰਗੇ ਕੀਤੇ ਜਾਣਗੇ।