ਚੰਡੀਗੜ੍ਹ: ਥਾਣੇ 'ਚ ਬੰਦ ਮਾਂ-ਧੀ ਨੇ ਪਹਿਲੀ ਮੰਜਿਲ ਤੋਂ ਛਾਲ ਮਾਰ ਦਿੱਤੀ। ਇਸ ਦੌਰਾਨ ਇਹਨਾਂ ਨੂੰ ਕਾਫੀ ਸੱਟਾਂ ਲੱਗੀਆਂ ਹਨ। ਪੁਲਿਸ ਨੇ ਤੁਰੰਤ ਇਹਨਾਂ ਨੂੰ ਹਸਪਤਾਲ ਦਾਖਲ ਕਰਵਾਇਆ। ਦੋਨਾਂ ਖਿਲਾਫ ਅਾਤਮ ਹੱਤਿਆ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਹਾਲਾਂਕਿ ਇਹ ਅਜੇ ਸਾਫ ਨਹੀਂ ਹੈ ਕਿ ਇਹ ਖੁਦਕੁਸ਼ੀ ਦੀ ਕੋਸ਼ਿਸ ਸੀ ਜਾਣ ਥਾਣੇ 'ਚੋਂ ਫਰਾਰ ਹੋਣ ਦੀ। ਇਸ ਮਾਂ ਧੀ ਨੂੰ ਚੋਰੀ ਦੇ ਇਲਜ਼ਾਮ 'ਚ ਗ੍ਰਿਫਤਾਰ ਕੀਤਾ ਗਿਆ ਸੀ।
ਜਾਣਕਾਰੀ ਮੁਤਾਬਕ ਚੰਡੀਗੜ੍ਹ ਪੁਲਿਸ ਨੇ ਜੰਮੂ ਦੀਆਂ ਰਹਿਣ ਵਾਲੀਆਂ ਮਾਂ- ਧੀ ਨੂੰ ਇੱਕ ਜਿਊਲਰੀ ਸ਼ਾਪ ਤੋਂ ਡਾਇਮੰਡ ਰਿੰਗ ਚੋਰੀ ਕਰਨ ਦੇ ਇਲਜ਼ਾਮ 'ਚ ਗ੍ਰਿਫਤਾਰ ਕੀਤਾ ਗਿਆ ਸੀ। ਦੋਨਾੰ ਨੂੰ ਸੈਕਟਰ 34 ਦੇ ਥਾਣੇ 'ਚ ਰੱਖਿਆ ਗਿਆ। ਪਰ ਅਚਾਨਕ ਥਾਣੇ ਦੀ ਪਹਿਲੀ ਮੰਜਿਲ ਤੋਂ ਮਾਂ ਧੀ ਨੇ ਛਾਲ ਮਾਰ ਦਿੱਤੀ। ਫਿਲਹਾਲ ਦੋਵੇਂ ਸੈਕਟਰ 32 ਦੇ ਹਸਪਤਾਲ 'ਚ ਇਲਾਜ ਅਧੀਨ ਹਨ। ਪੁਲਿਸ ਨੇ ਬੇਸ਼ੱਕ ਖੁਦਕੁਸ਼ੀ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕਰ ਲਿਆ ਹੈ। ਪਰ ਅਜੇ ਵੀ ਇਹ ਸਵਾਲ ਬਰਕਰਾਰ ਹੈ ਕਿ ਇਹ ਥਾਣੇ 'ਚੋਂ ਭੱਜਣ ਦੀ ਕੋਸ਼ਿਸ਼ ਸੀ ਜਾਂ ਫਿਰ ਖੁਦਕੁਸ਼ੀ ਕਰਨ ਦੀ।
ਦਰਅਸਲ ਜਿਸ ਚੋਰੀ ਦੇ ਇਲਜ਼ਾਮ 'ਚ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਉਸ ਦਾ ਅਸਲੀ ਮਾਸਟਰ ਮਾਈਂਡ ਹੈ ਉਨ੍ਹਾਂ ਦਾ ਲੜਕਾ ਅੰਕੁਸ਼ ਵਰਮਾ। ਜਿਸ ਵੇਲੇ ਦੁਕਾਨ 'ਚੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ, ਤਾਂ ਦੁਕਾਨਦਾਰ ਨੂੰ ਪਤਾ ਲੱਗਣ 'ਤੇ ਅੰਕੁਸ਼ ਮੌਕੇ ਤੋਂ ਫਰਾਰ ਹੋ ਗਿਆ। ਜਦਕਿ ਮਾਂ ਧੀ ਨੂੰ ਕਾਬੂ ਕਰ ਲਿਆ ਗਿਆ ਸੀ।