ਅੰਮ੍ਰਿਤਸਰ: ਪੰਜਾਬ 'ਚ ਅਕਾਲੀ ਦਲ ਦੀ ਸਿਆਸਤ ਦਾ ਦੌਹਰਾ ਚਿਹਰਾ ਨਜ਼ਰ ਆ ਰਿਹਾ ਹੈ। ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਦੀ ਧਰਮ ਪਤਨੀ ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅੱਜ ਵਾਹਗਾ ਸਰਹੱਦ 'ਤੇ ਬੀਐਸਐਫ ਜਵਾਨਾਂ ਨੂੰ ਰੱਖੜੀ ਬੰਨਣਗੇ। ਜਦਕਿ ਉਨ੍ਹਾਂ ਦੇ ਪਤੀ ਸੁਖਬੀਰ ਬਾਦਲ ਦੀ ਅਗਵਾਈ 'ਚ ਅਕਾਲੀ ਦਲ ਡਰਗੱਜ਼ ਮਾਮਲੇ ਨੂੰ ਲੈ ਕੇ ਕਰੀਬ ਇੱਕ ਸਾਲ ਪਹਿਲਾ ਅਟਾਰੀ ਬਾਰਡਰ 'ਤੇ ਬੀਐਸਐਫ ਦੇ ਖਿਲਾਫ ਧਰਨਾ ਦੇਣ ਦਾ ਐਲਾਨ ਕੀਤਾ ਸੀ। ਵੱਡਾ ਸਵਾਲ ਇਹ ਹੈ ਕਿ ਸਿਆਸਤਦਾਨ ਇੰਨੀ ਛੇਤੀ ਭੁੱਲ ਜਾਂਦੇ ਹਨ ਕਿ ਵੋਟਾਂ ਦੀ ਖੇਤੀ ਦੀ ਖਾਤਰ ਚੰਗੇ ਤੇ ਮਾੜੇ ਦਾ ਫਰਕ ਕੀ ਹੈ।
ਪੰਜਾਬ ਦੀ ਸੱਤਾ 'ਤੇ ਕਾਬਜ਼ ਅਕਾਲੀ ਦਲ ਸਰਹੱਦ ਪਾਰ ਤੋਂ ਆ ਰਹੇ ਨਸ਼ੇ ਨੂੰ ਨਾ ਰੋਕ ਪਾਉਣ ਲਈ ਬੀਐਸਐਫ ਖਿਲਾਫ ਮੋਰਚਾ ਖੋਲਿਆ ਸੀ। ਹਾਲਾਂਕਿ ਆਖਰੀ ਮੌਕੇ ਇਸ ਧਰਨੇ ਨੂੰ ਪਾਕਿਸਤਾਨ ਦੇ ਖਿਲਾਫ ਕਰ ਦਿੱਤਾ ਗਿਆ ਸੀ। ਪਰ ਜੋ ਰਣਨੀਤੀ ਸੀ ਉਹ ਬੀਐਸਐਫ ਜਵਾਨਾਂ ਦੇ ਖਿਲਾਫ ਹੀ ਮਿਥੀ ਗਈ ਸੀ। ਸੂਬੇ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਧਰਨੇ ਦਾ ਬਾਈਕਾਟ ਕਰਨ ਤੋਂ ਬਾਅਦ ਸੁਖਬੀਰ ਬਾਦਲ ਨੇ ਧਰਨਾ ਤਾਂ ਲਾਇਆ, ਪਰ ਉਸਦਾ ਰੁਖ ਹੀ ਬਦਲ ਦਿੱਤਾ। ਕਿਹਾ ਗਿਆ ਕਿ ਪਾਕਿਸਤਾਨ ਦੇ ਖਿਲਾਫ ਧਰਨਾ ਲਾਇਆ ਗਿਆ। ਹਾਲਾਂਕਿ ਸੁਖਬੀਰ ਸਿੰਘ ਬਾਦਲ ਨੇ ਨਸ਼ੇ ਦੇ ਮੁੱਦੇ 'ਤੇ ਬੀਜੇਪੀ ਸ਼ਾਸਤ ਸੂਬਿਆਂ ਨੂੰ ਵੀ ਇਸਦਾ ਨਿਸਾਨਾ ਬਣਾਇਆ ਗਿਆ ਸੀ।
ਹੁਸੈਨੀਵਾਲਾ ਤੋਂ ਲੈ ਕੇ ਅਟਾਰੀ ਬਾਰਡ ਤੱਕ ਲੀਡਰਾਂ ਨੇ ਧਰਨੇ ਲਾਏ। ਕਿਉਂਕਿ ਉਸ ਵੇਲੇ ਸਿਆਸੀ ਵਿਰੋਧੀਆਂ ਨੇ ਅਕਾਲੀ ਦਲ ਦੇ ਨੱਕ 'ਚ ਦਮ ਕੀਤਾ ਹੋਇਆ ਸੀ। ਅਕਾਲੀ ਦਲ ਵੱਲੋਂ ਖੂਬ ਧਰਨਾ ਮੁਜ਼ਾਹਰਾ ਕੀਤਾ ਗਿਆ। ਅੱਜ ਉਸੇ ਹੀ ਅਟਾਰੀ ਬਾਰਡਰ 'ਤੇ ਅਕਾਲੀ ਦਲ ਦੇ ਪ੍ਰਧਾਨ ਦੀ ਪਤਨੀ ਹਰਸਿਮਰਤ ਕੌਰ ਬਾਦਲ ਬੀਐਸਐਫ ਜਵਾਨਾਂ ਨੂੰ ਰੱਖੜੀ ਬੰਨਣ ਜਾ ਰਹੀ ਹੈ। ਸ਼ਾਇਦ ਉਹ ਵੀ ਭੁੱਲ ਗਏ ਕਿ ਸਾਲ ਪਹਿਲਾ ਉਨਾਂ ਦੀ ਪਾਰਟੀ ਨੇ ਅਟਾਰੀ ਬਾਰਡਰ 'ਤੇ ਕੀ ਕੀਤਾ ਸੀ। ਬੀਐਸਐਫ ਦੀ ਬੇਬਸੀ ਇਹ ਹੈ ਕਿ ਕੇਂਦਰੀ ਮੰਤਰੀ ਹੋਣ ਕਾਰਨ ਉਹ ਭੈਣ ਨਾਲ ਗਿਲਾ ਵੀ ਨਹੀਂ ਕਰ ਸਕਦੇ।