ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ 'ਆਪ' ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਖਿਲਾਫ ਤਕੜੇ ਉਮੀਦਵਾਰ ਮੈਦਾਨ ਵਿੱਚ ਉਤਾਰਨ ਦਾ ਫੈਸਲਾ ਕੀਤਾ ਹੈ। ਸੁਖਬੀਰ ਸਿੰਘ ਬਾਦਲ ਖਿਲਾਫ ਭਗਵੰਤ ਸਿੰਘ ਮੈਦਾਨ ਵਿੱਚ ਉੱਤਰ ਸਕਦੇ ਹਨ। ਉਨ੍ਹਾਂ ਨੇ ਖੁਦ ਹੀ ਸੁਖਬੀਰ ਬਾਦਲ ਖਿਲਾਫ ਚੋਣ ਲੜਨ ਦੀ ਇੱਛਾ ਪ੍ਰਗਟਾਈ ਹੈ।
ਕਾਬਲੇਗੌਰ ਹੈ ਕਿ ਦਿੱਲੀ ਤੋਂ ਬਾਅਦ ਆਮ ਆਦਮੀ ਪਾਰਟੀ ਨੂੰ ਪੰਜਾਬ ਵਿੱਚ ਚੰਗਾ ਹੁੰਗਾਰਾ ਮਿਲਿਆ ਹੈ। 'ਆਪ' ਪੰਜਾਬ ਵਿੱਚ ਵੀ ਦਿੱਲੀ ਵਾਲਾ ਇਤਿਹਾਸ ਦੁਹਰਾਉਣ ਦੇ ਸੁਫਨੇ ਵੇਖ ਰਹੀ ਹੈ। 'ਆਪ' ਦੇ ਸੂਤਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨਿਸ਼ਾਨਾ ਸਿਰਫ 2017 ਦੀਆਂ ਵਿਧਾਨ ਸਭਾ ਚੋਣਾਂ ਜਿੱਤਣਾ ਨਹੀਂ ਹੈ। 'ਆਪ' ਪੰਜਾਬ ਨੂੰ ਅਕਾਲੀ ਦਲ ਤੇ ਕਾਂਗਰਸ ਦੀ ਰਵਾਇਤੀ ਸਿਆਸਤ ਵਿੱਚੋਂ ਕੱਢਣਾ ਚਾਹੁੰਦੀ ਹੈ। ਇਸ ਲਈ ਵੱਡੇ ਲੀਡਰਾਂ ਨੂੰ ਹਰਾਉਣਾ ਜ਼ਰੂਰੀ ਹੈ। ਇਸ ਨਾਲ ਜਿੱਥੇ ਪਾਰਟੀ ਵਰਕਰਾਂ ਦਾ ਮਨੋਬਲ ਵਧੇਗਾ, ਉੱਥੇ ਸਿਆਸਤ ਨੂੰ ਕੁਝ ਹੱਥਾਂ ਵਿੱਚੋਂ ਕੱਢਣ ਵਿੱਛ ਵੀ ਮਦਦ ਮਿਲੇਗੀ।