ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਵਿਧਾਇਕ ਦਲ ਦੇ ਨੇਤਾ ਤੇ ਸੀਨੀਅਰ ਕਾਂਗਰਸੀ ਲੀਡਰ ਚਰਨਜੀਤ ਸਿੰਘ ਚੰਨੀ ਨੇ ਆਈਟੀਆਈ ਦਾ ਡਾਟਾ ਪੇਸ਼ ਕਰਦਿਆਂ ਪੰਜਾਬ 'ਚ ਕਾਨੂੰਨ ਵਿਵਸਥਾ ਦੀ ਪੋਲ ਖੋਲ੍ਹੀ ਹੈ। ਚੰਨੀ ਨੇ ਕਿਹਾ ਕਿ ਸੁਖਬੀਰ ਬਾਦਲ ਗੈਂਗਟਰਾਂ ਤੇ ਜ਼ੁਰਮ ਦੇ ਸਰਗਨਾ ਹਨ। ਉਨ੍ਹਾਂ ਕਿਹਾ ਹੈ ਕਿ ਪੰਜਾਬ 'ਚ ਵਧ ਰਹੇ ਜ਼ੁਰਮਾਂ ਲਈ ਉਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਗ੍ਰਹਿ ਮੰਤਰੀ ਵਜੋਂ ਅਸਤੀਫਾ ਦੇਣਾ ਚਾਹੀਦਾ ਹੈ।


 

ਚੰਨੀ ਨੇ 2007 ਤੋਂ 2016 ਤੱਕ 22 'ਚੋਂ 15 ਜ਼ਿਲ੍ਹਿਆਂ ਦਾ ਡਾਟਾ ਪੇਸ਼ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਅਮਨ-ਕਾਨੂੰਨ ਦੀ ਹਾਲਤ ਵਿਗੜ ਚੁੱਕੀ ਹੈ। ਇਸ ਸਮੇਂ ਦੌਰਾਨ ਪੰਜਾਬ ਵਿੱਚ ਕਤਲ ਦੇ 4460 ਕੇਸ, ਕ੍ਰਾਈਮ ਅਗੈਂਸਟ ਵੂਮੈਨ ਦੇ 15181, ਦਹੇਜ ਦੇ 7290, ਬਲਾਤਕਾਰ ਦੇ 4111, ਗੈਂਗਵਾਰ ਦੇ 296, ਦਲਿਤਾਂ ਵਿਰੁੱਧ ਹਿੰਸਾ ਦੇ 457, ਸਾਈਬਰ ਕਰਾਈਮ ਦੇ 392, ਰੋਡ ਐਕਸੀਡੈਂਟ ਦੇ 27149 ਕੇਸ ਸਾਹਮਣੇ ਆਏ ਹਨ। ਇਹ ਕੁੱਲ ਕੇਸ 59336 ਬਣਦੇ ਹਨ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਅਜੇ ਵੀ ਅਮਨ-ਕਾਨੂੰਨ ਦੀ ਹਾਲਤ ਨੂੰ ਠੀਕ ਦੱਸ ਰਹੇ ਹਨ।

 

ਚੰਨੀ ਨੇ ਕਿਹਾ ਕਿ ਇਸ ਹਿਸਾਬ ਨਾਲ ਪੰਜਾਬ ਵਿੱਚ ਹਰ ਰੋਜ਼ 2 ਕਤਲ, 2 ਰੇਪ, 10 ਔਰਤਾਂ ਨਾਲ ਛੇੜਛਾੜ ਤੇ 12 ਐਕਸਡੈਂਟ ਹੋ ਹੋਏ ਹਨ। ਉਨ੍ਹਾਂ ਕਿਹਾ ਕਿ ਸਭ ਕੁਝ ਉਹ ਨਹੀਂ ਸਗੋਂ ਪੰਜਾਬ ਸਰਕਾਰ ਦੇ ਡੇਟਾ ਕਹਿ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ 'ਚ ਜ਼ੁਰਮ ਵਧਾਉਣ ਲਈ ਮੁੱਖ ਤੌਰ 'ਤੇ ਪੁਲਿਸ ਜ਼ਿੰਮੇਵਾਰ ਹੈ ਕਿਉਂਕਿ ਪੁਲਿਸ ਅਫ਼ਸਰ ਅਕਾਲੀ ਜਥੇਦਾਰਾਂ ਦੀ ਤਰ੍ਹਾਂ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਬਾਦਲ ਸੂਬੇ ਨੂੰ ਹਮੇਸ਼ਾਂ ਸ਼ਾਂਤ ਸੂਬਾ ਦੱਸਦੇ ਹਨ ਤੇ ਜਿਹੜੇ ਸੂਬੇ 'ਚ ਇੰਨਾ ਕ੍ਰਾਈਮ ਹੋਵੇ ਉਹ ਸ਼ਾਂਤ ਕਿਵੇਂ ਹੋ ਸਕਦਾ ਹੈ।

 

ਚੰਨੀ ਨੇ ਕਿਹਾ ਕਿ ਅਕਾਲੀ ਦਲ ਦੀ ਪਰਿਵਾਰਵਾਦੀ ਸਿਆਸਤ ਨੇ ਪੰਜਾਬ ਨੂੰ ਬਰਬਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ 'ਚ ਲਗਾਤਾਰ ਵਧਦੇ ਜ਼ੁਰਮ ਲਈ ਸੁਖਬੀਰ ਸਿੰਘ ਬਾਦਲ ਨੂੰ ਸ਼੍ਰੋਮਣੀ ਅਕਾਲੀ ਦਲ ਤੇ ਪੰਜਾਬ ਦੇ ਗ੍ਰਹਿ ਮੰਤਰੀ ਤੋਂ ਅਸਤੀਫਾ ਦੇਣਾ ਚਾਹੀਦਾ ਹੈ। ਚੰਨੀ ਨੇ ਕਿਹਾ ਕਿ ਪੰਜਾਬ ਸਰਕਾਰ ਗੈਂਗਸਟਰਾਂ ਨੂੰ ਵੀ ਚੋਣਾਂ 'ਚ ਵਰਤਣ ਦੀ ਤਿਆਰੀ 'ਚ ਹੈ ਤੇ ਕਾਂਗਰਸ ਪਾਰਟੀ ਬਾਦਲ ਸਰਕਾਰ ਦੀਆਂ ਚਾਲਾਂ ਦਾ ਡਟ ਕੇ ਮੁਕਾਬਲਾ ਕਰੇਗੀ।