ਅਟਾਰੀ: ਡਰੱਗਜ਼ ਨੂੰ ਲੈ ਕੇ ਬੀਐਸਐਫ ਖ਼ਿਲਾਫ਼ ਸਾਲ ਕੁ ਪਹਿਲਾਂ ਮੋਰਚਾ ਲਾਉਣ ਵਾਲੇ ਅਕਾਲੀ ਦਲ ਦਾ ਬੁੱਧਵਾਰ ਨੂੰ ਵੱਖਰਾ ਚਿਹਰਾ ਦੇਖਣ ਨੂੰ ਮਿਲਿਆ। ਇਸ ਵਾਰ ਅਕਾਲੀ ਦਲ ਨੇ ਸੀਮਾ ਦੀ ਰਾਖੀ ਲਈ ਤਾਇਨਾਤ ਸੁਰੱਖਿਆ ਬਲਾਂ ਖ਼ਿਲਾਫ਼ ਨਾਅਰੇਬਾਜ਼ੀ ਨਹੀਂ ਕੀਤੀ, ਸਗੋਂ ਉਨ੍ਹਾਂ ਨਾਲ ਗੀਤ ਗਾਏ। ਅਸਲ ਵਿੱਚ ਮੌਕੇ ਸੀ ਸਰਹੱਦ ਉੱਤੇ ਤਾਇਨਾਤ ਸੈਨਿਕਾਂ ਦੇ ਰੱਖੜੀ ਬੰਨ੍ਹਣ ਦਾ। ਇਸ ਪ੍ਰੋਗਰਾਮ ਵਿੱਚ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਖ਼ਾਸ ਤੌਰ ਉੱਤੇ ਸ਼ਾਮਲ ਹੋਏ।
ਹਰਸਿਮਰਤ ਕੌਰ ਬਾਦਲ ਨੇ ਸਰਹੱਦ ਉੱਤੇ ਤਾਇਨਾਤ ਸੈਨਿਕਾਂ ਦੇ ਰੱਖੜੀ ਬੰਨ੍ਹੀ ਤੇ ਫਿਰ ਰੰਗਾਰੰਗ ਪ੍ਰੋਗਰਾਮ ਵਿੱਚ ਖ਼ੂਬ ਗਿੱਧਾ ਤੇ ਬੋਲੀਆਂ ਪਾਈਆ। ਪ੍ਰੋਗਰਾਮ ਵਿੱਚ ਹਰਸਿਮਰਤ ਕੌਰ ਬਾਦਲ ਪੂਰੇ ਰੰਗ ਵਿੱਚ ਦਿੱਸੀ। ਗਿੱਧਾ ਪਾਉਣ ਵਾਲੀਆਂ ਕੁੜੀਆਂ ਨਾਲ ਉਨ੍ਹਾਂ ਕਾਫ਼ੀ ਸਮਾਂ ਗਿੱਧੇ ਵਿੱਚ ਪਿੜ ਬੰਨ੍ਹਿਆ। ਉਸ ਦੌਰਾਨ ਕੇਂਦਰੀ ਮੰਤਰੀ ਨੇ ਦੇਸ਼ ਭਗਤੀ ਦੇ ਤਰਾਨੇ ਵੀ ਗਾਏ।
ਸਰਹੱਦ ਪਾਰ ਤੋਂ ਆਉਂਦੇ ਨਸ਼ੇ ਨੂੰ ਨਾ ਰੋਕਣ ਦੇ ਨਾਅਰੇ ਲਗਾਉਣ ਵਾਲੇ ਅਕਾਲੀ ਦਲ ਦੇ ਆਗੂ ਵੀ ਪੂਰੀ ਤਰ੍ਹਾਂ ਬੀਐਸਐਫ ਦੀ ਤਾਰੀਫ਼ ਵਿੱਚ ਲੱਗੇ ਹੋਏ ਸਨ। ਇਸ ਦੌਰਾਨ ਕੇਂਦਰੀ ਮੰਤਰੀ ਨੇ ਆਖਿਆ ਕਿ ਬੀਐਸਐਫ ਦੇ ਜਵਾਨ ਆਪਣੀ ਡਿਊਟੀ ਤਨਦੇਹੀ ਨਾਲ ਕਰ ਰਹੇ ਹਨ। ਪੱਤਰਕਾਰਾਂ ਵੱਲੋਂ ਧਰਨੇ ਲਗਾਏ ਜਾਣ ਦੇ ਮੁੱਦੇ ਉੱਤੇ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਹਰਸਿਮਰਤ ਕੌਰ ਬਾਦਲ ਨੇ ਆਖਿਆ ਕਿ ਧਰਨੇ ਸੁਰੱਖਿਆ ਬਲਾਂ ਖ਼ਿਲਾਫ਼ ਨਹੀਂ ਸੀ ਸਗੋਂ ਇਹ ਪਾਕਿਸਤਾਨ ਦੇ ਖ਼ਿਲਾਫ਼ ਸਨ।