ਚੰਡੀਗੜ੍ਹ: ਆਪਸੀ ਧੜੇਬੰਦੀ ਦਾ ਸ਼ਿਕਾਰ ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਦੇ ਇਜਲਾਸ ਮੌਕੇ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਜਲਾਸ ਛੋਟਾ ਰੱਖਣ ਤੇ ਬੇਰੁਜ਼ਗਾਰੀ ਦੂਰ ਕਰਨ 'ਚ ਅਸਫਲ ਹੋਈ ਕੈਪਟਨ ਸਰਕਾਰ ਵਿਰੁੱਧ 'ਆਪ' ਨੇ ਵਾਕਆਊਟ ਕਰਦਿਆਂ ਵਿਧਾਨ ਸਭਾ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ।

ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਕਾਂਗਰਸ ਵੱਲੋਂ ਕੀਤੇ ਘਰ-ਘਰ ਰੁਜ਼ਗਾਰ ਨੂੰ ਪੂਰਾ ਨਾ ਕਰਨ 'ਤੇ ਵਿਧਾਨ ਸਭਾ ਦੇ ਬਾਹਰ ਮੂੰਗਫਲੀ ਦੀ ਸਟਾਲ ਲਾਈ। ਬਰਨਾਲਾ ਦੇ ਵਿਧਾਇਕ ਮੀਤ ਹੇਅਰ ਤੇ ਪ੍ਰੋਫੈਸਰ ਬਲਜਿੰਦਰ ਕੌਰ ਨੇ ਵਿਧਾਨ ਸਭਾ ਸੈਸ਼ਨ 'ਚੋਂ ਵਾਕਆਊਟ ਕਰਨ ਤੋਂ ਬਾਅਦ ਮੂੰਗਫਲੀ ਦੇ ਸਟਾਲ 'ਤੇ ਬੈਠੇ।

ਮੀਤ ਹੇਅਰ ਨੇ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਨੌਜਵਾਨ ਪੀੜ੍ਹੀ ਨੂੰ ਕੀਤੇ ਨੌਕਰੀ ਦੇਣ ਦੇ ਵਾਅਦਿਆਂ ਦੇ ਸਰਕਾਰ ਖਰੀ ਨਹੀਂ ਉੱਤਰੀ। ਉਨ੍ਹਾਂ ਕਿਹਾ ਕਿ ਇਸ ਦੇ ਰੋਸ ਵਜੋਂ ਆਮ ਆਦਮੀ ਪਾਰਟੀ ਮੂੰਗਫਲੀ ਵੇਚ ਕੇ ਰੁਜ਼ਗਾਰ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਇੱਕ ਦਿਨ ਦਾ ਸੈਸ਼ਨ ਰੱਖ ਕੇ ਪੰਜਾਬ ਦੇ ਮੁੱਦਿਆਂ ਨੂੰ ਦਬਾਉਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ। ਹਾਲਾਂਕਿ, ਲੁਧਿਆਣਾ ਤੋਂ ਵਿਧਾਇਕ ਤੇ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਵੀ ਇਸੇ ਮੁੱਦੇ 'ਤੇ ਵਿਧਾਨ ਸਭਾ ਵਿੱਚ ਪ੍ਰਦਰਸ਼ਨ ਕੀਤਾ ਪਰ ਸਿਆਸੀ ਵਖਰੇਵੇਂ ਪੈਦਾ ਹੋਣ ਕਾਰਨ 'ਆਪ' ਨੇ ਉਨ੍ਹਾਂ ਨਾਲ ਰਲ ਕੇ ਪ੍ਰਦਰਸ਼ਨ ਕਰਨ ਤੋਂ ਵੀ ਪਾਸਾ ਹੀ ਵੱਟਿਆ।