ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਨੌਜਵਾਨ ਧੜੇ ਨੇ ਵਿਧਾਨ ਸਭਾ ਦੇ ਬਾਹਰ ਅਨੋਖਾ ਪ੍ਰਦਰਸ਼ਨ ਕੀਤਾ ਹੈ। ਜਿੱਥੇ ਵਿਧਾਨ ਸਭਾ ਦੇ ਅੰਦਰ ਵਿੱਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਸੀ, ਉੱਥੇ ਹੀ 'ਆਪ' ਦੇ ਯੂਥ ਵਿੰਗ ਨੇ ਵਿਧਾਨ ਸਭਾ ਦੇ ਬਾਹਰ ਸੂਬੇ ਵਿੱਚ ਨਸ਼ੇ ਦੀ ਲਪੇਟ ਵਿੱਚ ਆ ਕੇ ਮਾਰੇ ਗਏ ਨੌਜਵਾਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ।
ਪਾਰਟੀ ਦੇ ਯੂਥ ਸੂਬਾ ਪ੍ਰਧਾਨ ਮਨਜਿੰਦਰ ਸਿੰਘ ਸਿੱਧੂ ਦੀ ਅਗਵਾਈ 'ਚ ਪੰਜਾਬ ਵਿਧਾਨ ਸਭਾ ਦੇ ਬਾਹਰ ਹੱਥਾਂ 'ਚ ਤਖ਼ਤੀਆਂ ਫੜ ਕੇ ਉਨ੍ਹਾਂ ਨੌਜਵਾਨਾਂ ਨੂੰ ਸ਼ਰਧਾਂਜਲੀਆਂ ਦਿੱਤੀਆਂ। ਉਨ੍ਹਾਂ ਕਿਹਾ ਕਿ ਇਹ ਨੌਜਵਾਨ ਸਰਕਾਰੀ ਸ਼ਹਿ ਨਾਲ ਚੱਲਦੇ ਹੋਏ ਨਸ਼ਾ ਮਾਫ਼ੀਆ ਦੀ ਭੇਟ ਚੜ੍ਹ ਗਏ।
'ਆਪ' ਯੂਥ ਵਿੰਗ ਨੇ ਨੌਜਵਾਨਾਂ ਤੋਂ ਇਲਾਵਾ ਆਤਮ ਹੱਤਿਆਵਾਂ ਲਈ ਮਜਬੂਰ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਵੀ ਸ਼ਰਧਾਂਜਲੀਆਂ ਦਿੰਦੇ ਹੋਏ ਯਾਦ ਕੀਤਾ ਅਤੇ ਸਰਕਾਰਾਂ ਦੀਆਂ ਵਾਅਦਾ-ਖ਼ਿਲਾਫੀਆਂ ਨੂੰ ਕੋਸਿਆ।
ਇਸ ਤੋਂ ਬਿਨਾਂ 'ਆਪ' ਯੂਥ ਵਿੰਗ ਨੇ ਟਰੈਫ਼ਿਕ ਪ੍ਰਬੰਧਾਂ ਅਤੇ ਬੁਨਿਆਦੀ ਢਾਂਚੇ ਦੀ ਕਮੀ ਅਤੇ ਸੱਤਾਧਾਰੀਆਂ ਦੀਆਂ ਤੇਜ਼ ਸਪੀਡ ਬੱਸਾਂ ਅਤੇ ਓਵਰਲੋਡਿਡ ਟਿੱਪਰ-ਟਰੱਕਾਂ ਥੱਲੇ ਕੁਚਲ ਕੇ ਮਾਰੇ ਜਾਣ ਵਾਲੇ ਪ੍ਰਤੀ ਸਾਲ ਸੈਂਕੜੇ ਲੋਕਾਂ ਨੂੰ ਸ਼ਰਧਾਂਜਲੀਆਂ ਦੇ ਕੇ ਸਰਕਾਰ ਦੇ ਕੰਨ ਖੋਲ੍ਹਣ ਦੀ ਕੋਸ਼ਿਸ਼ ਕੀਤੀ।