ਮੀਂਹ ਪੈਣ ਨਾਲ ਬਠਿੰਡਾ ਬਣਿਆ 'ਸ਼ਿਮਲਾ'
ਏਬੀਪੀ ਸਾਂਝਾ | 13 Dec 2018 06:45 PM (IST)
ਚੰਡੀਗੜ੍ਹ: ਪੰਜਾਬ ਤੇ ਹਰਿਆਣਾ ਵਿੱਚ ਕਈ ਥਾਂਈਂ ਮੀਂਹ ਪੈਣ ਕਾਰਨ ਤਾਪਮਾਨ ਵਿੱਚ ਕਾਫੀ ਕਮੀ ਆਈ ਹੈ। ਤਾਜ਼ਾ ਬਾਰਸ਼ ਕਾਰਨ ਪੰਜਾਬ ਵਿੱਚ ਬਠਿੰਡਾ ਸਭ ਤੋਂ ਠੰਢਾ ਸਥਾਨ ਬਣਿਆ, ਜਿੱਥੇ ਘੱਟੋ-ਘੱਟ ਤਾਪਮਾਨ 4.3 ਡਿਗਰੀ ਸੈਂਟੀਗ੍ਰੇਡ ਦਰਜ ਕੀਤਾ ਗਿਆ। ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਦਾ ਘੱਟੋ-ਘੱਟ ਤਾਪਮਾਨ 10 ਡਿਗਰੀ ਤੋਂ ਹੇਠਾਂ ਦੇਖਿਆ ਗਿਆ ਪਰ ਨੀਮ ਪਹਾੜੀ ਇਲਾਕੇ ਪਠਾਨਕੋਟ ਦਾ ਤਾਪਮਾਨ 11.2 ਡਿਗਰੀ ਸੈਂਟੀਗ੍ਰੇਡ ਤੋਂ ਘੱਟ ਨਹੀਂ ਹੋਇਆ ਤੇ ਸ਼ਾਹੀ ਸ਼ਹਿਰ ਪਟਿਆਲਾ ਵੀ ਬਾਕੀਆਂ ਦੇ ਮੁਕਾਬਲੇ ਗਰਮ ਰਿਹਾ ਜਿੱਥੇ ਘੱਟੋ-ਘੱਟ ਤਾਪਮਾਨ 13.6 ਡਿਗਰੀ ਰਿਹਾ। ਰਾਜਧਾਨੀ ਚੰਡੀਗੜ੍ਹ ਵਿੱਚ ਵੀ ਘੱਟੋ-ਘੱਟ ਤਾਪਮਾਨ 9.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦਕਿ ਇੱਥੇ ਵੱਧ ਤੋਂ ਵੱਧ ਤਾਪਮਾਨ 16.3 ਡਿਗਰੀ ਤਕ ਅੱਪੜ ਗਿਆ। ਇਸ ਮੀਂਹ ਨੇ ਜਿੱਥੇ ਲੋਕਾਂ ਨੂੰ ਸਰਦੀਆਂ ਦੀ ਆਮਦ ਮਹਿਸੂਸ ਕਰਵਾ ਦਿੱਤੀ ਹੈ, ਉੱਥੇ ਹੀ ਕਿਸਾਨਾਂ ਦੇ ਚਿਹਰੇ ਵੀ ਖਿੜ੍ਹ ਗਏ ਹਨ।