ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਦਿੱਲੀ, ਉੱਤਰ ਪ੍ਰਦੇਸ਼ ਤੇ ਰਾਜਸਥਾਨ ਇਕਾਈਆਂ ਭੰਗ ਕਰ ਦਿੱਤੀਆਂ ਹਨ। ਅਕਾਲੀ ਦਲ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਬਾਹਰਲੇ ਸੂਬਿਆਂ ਵਿੱਚ ਜਥੇਬੰਦਕ ਢਾਂਚੇ ਦਾ ਪੁਨਰਗਠਨ ਕਰਨ ਲਈ ਇਹ ਕਾਰਵਾਈ ਕੀਤੀ ਹੈ।

ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਦਿੱਲੀ ਦੇ ਅਬਜ਼ਰਵਰ ਬਲਵਿੰਦਰ ਸਿੰਘ ਭੂੰਦੜ, ਉੱਤਰ ਪ੍ਰਦੇਸ਼ ਦੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਤੇ ਰਾਜਸਥਾਨ ਵਿੱਚ ਸਿਕੰਦਰ ਸਿੰਘ ਮਲੂਕਾ ਦੀ ਸਿਫਾਰਸ਼ 'ਤੇ ਤਿੰਨ ਸੂਬਿਆਂ ਦੀਆਂ ਜਥੇਬੰਦਕ ਇਕਾਈਆਂ ਨੂੰ ਭੰਗ ਕਰਨ ਦਾ ਫੈਸਲਾ ਕੀਤਾ ਹੈ।

ਚੀਮਾ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਦੀ ਤਿਆਰੀ ਦੇ ਸਬੰਧ ਵਿੱਚ ਪਾਰਟੀ ਦੇ ਜਥੇਬੰਦਕ ਢਾਂਚੇ ਦੇ ਪੁਨਰਗਠਨ ਦੀ ਪ੍ਰਕ੍ਰਿਆ ਜਾਰੀ ਹੈ। ਆਉਂਦੇ ਦੋ ਮਹੀਨਿਆਂ ਵਿੱਚ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨਾਲ ਰਾਏ ਮਸ਼ਵਰੇ ਅਨੁਸਾਰ ਨਵੇਂ ਜਥੇਬੰਦਕ ਢਾਂਚੇ ਦਾ ਐਲਾਨ ਛੇਤੀ ਕਰ ਦਿੱਤਾ ਜਾਵੇਗਾ।