'ਆਪ' ਦੀ ਸ਼ਿਕਾਇਤ 'ਤੇ 'ਆਪ' ਖਿਲਾਫ ਕਾਰਵਾਈ
ਏਬੀਪੀ ਸਾਂਝਾ | 29 Sep 2016 03:46 PM (IST)
ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਲੀਡਰਾਂ ਸੰਜੇ ਸਿੰਘ ਤੇ ਦੁਰਗੇਸ਼ ਪਾਠਕ 'ਤੇ ਔਰਤਾਂ ਦੇ ਸ਼ੋਸ਼ਣ ਦੇ ਇਲਜ਼ਾਮ ਲਾਉਣ ਵਾਲੀ ਅਮਨਦੀਪ ਕੌਰ ਅੱਜ ਆਪਣੀ ਮਾਤਾ ਬੀਮਾਰ ਹੋਣ ਕਾਰਨ ਪੰਜਾਬ ਰਾਜ ਮਹਿਲਾ ਕਮਿਸ਼ਨ ਸਾਹਮਣੇ ਪੇਸ਼ ਨਹੀਂ ਹੋ ਸਕੀ। ਹੁਣ ਉਹ 4 ਅਕਤੂਬਰ ਨੂੰ ਕਮਿਸ਼ਨ ਸਾਹਮਣੇ ਪੇਸ਼ ਹੋਣਗੇ। ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਬੀਬੀ ਪਰਮਜੀਤ ਕੌਰ ਲਾਂਡਰਾ ਨੇ 'ਏਬੀਪੀ ਸਾਂਝਾ' ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਇਹ ਗੱਲ ਕਹੀ ਹੈ। ਉਨ੍ਹਾਂ ਕਿਹਾ ਕਿ ਸਾਡੇ ਕੋਲ ਸਭ ਤੋਂ ਪਹਿਲਾਂ 'ਆਪ' ਦੇ ਮਹਿਲਾ ਵਿੰਗ ਦੀ ਇੰਚਾਰਜ ਬਲਜਿੰਦਰ ਕੌਰ ਨੇ ਸ਼ਿਕਾਇਤ ਕੀਤੀ ਸੀ। ਉਸੇ ਸ਼ਿਕਾਇਤ 'ਤੇ ਅਸੀਂ ਦਿੱਲੀ ਦੇ ਵਿਧਾਇਕ ਦਵਿੰਦਰ ਸਹਿਰਾਵਤ ਨੂੰ ਤਲਬ ਕੀਤਾ। ਹੁਣ ਸਹਿਰਾਵਤ ਦੇ ਬਿਆਨ 'ਤੇ ਅਮਨਦੀਪ ਕੌਰ ਨੂੰ ਤਲਬ ਕੀਤਾ ਗਿਆ ਹੈ। ਇਸ ਤੋਂ ਬਾਅਦ ਅਗਲੀ ਕਾਰਵਾਈ ਤੇ ਸਬੂਤਾਂ ਤਹਿਤ ਹੋਰ ਲੋਕਾਂ ਨੂੰ ਵੀ ਤਲਬ ਕੀਤਾ ਜਾ ਸਕਦਾ ਹੈ। ਲਾਂਡਰਾ ਨੇ ਕਿਹਾ ਕਿ ਕਮਿਸ਼ਨ ਬਿਲਕੁਲ ਨਿਰਪੱਖ ਹੋ ਕੇ ਕੰਮ ਕਰਦਾ ਹੈ ਤੇ ਇਹ ਸਾਰੀ ਕਾਰਵਾਈ ਆਮ ਆਦਮੀ ਪਾਰਟੀ ਦੀ ਸ਼ਿਕਾਇਤ 'ਤੇ ਹੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਮਿਸ਼ਨ ਦੀ ਇਹ ਕੋਸ਼ਿਸ਼ ਹੈ ਕਿ ਸੂਬੇ 'ਚ ਔਰਤਾਂ ਨੂੰ ਇਨਸਾਫ ਮਿਲੇ ਤੇ ਕਿਸੇ ਵੀ ਔਰਤ ਖ਼ਿਲਾਫ ਹੋ ਰਹੀ ਸਾਜਿਸ਼ ਨੂੰ ਰੋਕਿਆ ਜਾਵੇ। ਉਨ੍ਹਾਂ ਕਿਹਾ ਕਿ 'ਆਪ' ਦੇ ਲੀਡਰਾਂ ਦੇ ਖ਼ਿਲਾਫ ਇਸ ਮਾਮਲੇ ਤੋਂ ਬਿਨਾਂ ਹੋਰ ਕੋਈ ਸ਼ਿਕਾਇਤ ਨਹੀਂ ਆਈ। ਉਨ੍ਹਾਂ ਕਿਹਾ ਕਿ ਕਿਸੇ ਵੀ ਅਕਾਲੀ ਜਾਂ ਕਾਂਗਰਸੀ ਲੀਡਰ ਨੇ ਅਜਿਹੀ ਕੋਈ ਸ਼ਿਕਾਇਤ ਨਹੀਂ ਕੀਤੀ। 'ਆਪ' ਦੇ ਜਿਹੜੇ ਲੀਡਰਾਂ ਦੇ ਸਟਿੰਗ ਦੀ ਗੱਲ ਕੀਤੀ ਜਾ ਰਹੀ ਹੈ ਇਨ੍ਹਾਂ ਸਟਿੰਗਾਂ ਸਬੰਧੀ ਉਨ੍ਹਾਂ ਕੋਲ ਕੋਈ ਸ਼ਿਕਾਇਤ ਨਹੀਂ ਪੁੱਜੀ ਹੈ।