ਚੰਡੀਗੜ੍ਹ: ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਆਪਣੇ ਸਾਰੇ 54 ਅਬਜ਼ਰਵਰ ਵਾਪਸ ਦਿੱਲੀ ਭੇਜ ਦਿੱਤੇ ਹਨ। ਸੁੱਚਾ ਸਿੰਘ ਛੋਟੇਪੁਰ ਨੂੰ ਕਨਵੀਨਰ ਦੇ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ 'ਆਪ ਬਨਾਮ ਬਾਹਰੀ' ਮੁੱਦੇ ਉੱਤੇ ਪਾਰਟੀ ਘਿਰੀ ਹੋਈ ਹੈ। ਵਰਕਰਾਂ ਉੱਤੇ ਵੀ ਇਸ ਦਾ ਸਾਫ਼ ਅਸਰ ਦਿਖਾਈ ਦੇ ਰਿਹਾ ਹੈ। ਇਸ ਨੂੰ ਦੇਖਦੇ ਹੋਏ 'ਆਪ' ਨੇ ਢਾਈ ਸਾਲ ਵਿੱਚ ਪਹਿਲੀ ਵਾਰ ਪੰਜਾਬੀਆਂ ਦੀ ਸਟੇਟ ਕਮੇਟੀ ਬਣਾਈ ਹੈ।
ਪਾਰਟੀ ਦੇ ਪੰਜਾਬ ਮਾਮਲਿਆਂ ਦੇ ਸਹਿ ਇੰਚਾਰਜ ਜਰਨੈਲ ਸਿੰਘ ਨੇ ਆਖਿਆ ਹੈ ਕਿ ਹੁਣ ਪਾਰਟੀ ਦਾ ਪੂਰਾ ਚਿਹਰਾ ਪੰਜਾਬੀ ਹੈ ਤੇ ਇਹ ਮੁੱਦਾ ਖ਼ਤਮ ਹੋ ਜਾਣਾ ਚਾਹੀਦਾ ਹੈ। 'ਆਪ' ਨੇ ਬੁੱਧਵਾਰ ਨੂੰ ਟਿਕਟ ਨਾ ਮਿਲਣ ਕਾਰਨ ਨਾਰਾਜ਼ ਹੋਏ ਵਲੰਟੀਅਰਾਂ ਨੂੰ ਮਨਾਉਣ ਲਈ ਵਲੰਟੀਅਰ ਵੇਲਫੇਅਰ ਐਂਡ ਮੈਨੇਜਮੈਂਟ ਵਿੰਗ ਦਾ ਗਠਨ ਕੀਤਾ ਗਿਆ ਹੈ।
ਪਾਰਟੀ ਵਿੱਚ ਜਿਸ ਤਰੀਕੇ ਨਾਲ ਬਾਗੀ ਸੁਰਾਂ ਉੱਠ ਰਹੀਆਂ ਸਨ, ਉਸ ਨੂੰ ਦੇਖਦੇ ਹੋਏ ਕਾਂਗਰਸ ਤੇ ਅਕਾਲੀ ਦੇ ਹੌਸਲੇ ਬੁਲੰਦ ਹੋ ਗਏ ਸਨ। ਪਾਰਟੀ ਦੇ ਕੁਝ ਆਗੂ ਵੀ ਦਿੱਲੀ ਦੇ ਆਗੂਆਂ ਤੋਂ ਨਾਰਾਜ਼ ਹੋ ਗਏ ਸਨ। ਹਾਲਤ ਨੂੰ ਭਾਂਪਦੇ ਹੋਏ 'ਆਪ' ਨੇ ਹੁਣ ਪੰਜਾਬੀਆਂ ਨੂੰ ਅੱਗੇ ਲੈ ਕੇ ਆਉਣ ਦਾ ਫ਼ੈਸਲਾ ਕੀਤਾ ਹੈ।