ਕਰਜ ਨੇ ਨਿਗਲਿਆ ਕਿਸਾਨ ਸੋਹਣ ਸਿੰਘ
ਏਬੀਪੀ ਸਾਂਝਾ | 29 Sep 2016 09:07 AM (IST)
ਸੰਗਰੂਰ: ਕਰਜ਼ ਦੀ ਮਾਰ ਨੇ ਇੱਕ ਹੋਰ ਕਿਸਾਨ ਨਿਗਲ ਲਿਆ ਹੈ। ਖਬਰ ਸੰਗਰੂਰ ਜਿਲ੍ਹੇ ਦੇ ਸ਼ੇਰਪੁਰ ਕਸਬੇ ਨੇੜਲੇ ਪਿੰਡ ਰਾਜੋਮਾਜਰਾ ਤੋਂ ਹੈ। ਇੱਥੇ ਕਰਜ਼ੇ ਦੀ ਮਾਰ ਦੇ ਕਾਰਨ ਇੱਕ ਕਿਸਾਨ ਨੇ ਨਹਿਰ 'ਚ ਛਾਲ ਮਾਰ ਕੇ ਆਪਣੀ ਜਾਨ ਦੇ ਦਿੱਤੀ ਹੈ। ਮ੍ਰਿਤਕ ਕਿਸਾਨ ਘੱਟ ਜਮੀਨ ਦਾ ਮਾਲਕ ਸੀ। ਪਰ ਉਸ ਦੇ ਸਿਰ ਲੱਖਾਂ ਦਾ ਕਰਜ਼ ਸੀ। ਇਸ ਕਾਰਨ ਉਹ ਲਗਾਤਾਰ ਪ੍ਰੇਸ਼ਾਨ ਚੱਲ ਰਿਹਾ ਸੀ। ਜਾਣਕਾਰੀ ਮੁਤਾਬਕ ਸੰਗਰੂਰ ਦੇ ਪਿੰਡ ਰਾਜੋਮਾਜਰਾ ਦੇ ਕਿਸਾਨ ਸੋਹਣ ਸਿੰਘ ਕੋਲ ਘੱਟ ਜਮੀਨ ਹੋਣ ਕਾਰਨ ਹੋ ਰਹੀ ਆਮਦਨ ਨਾਲ ਘਰ ਦਾ ਗੁਜਾਰਾ ਹੀ ਮੁਸ਼ਕਲ ਨਾਲ ਚੱਲਦਾ ਸੀ। ਉਹ ਮਜਬੂਰਨ ਕਰਜਾ ਚੁੱਕ ਕੇ ਖੇਤੀ ਕਰ ਰਿਹਾ ਸੀ ਤੇ ਘਰ ਦਾ ਗੁਜਾਰਾ ਕਰਦਾ ਸੀ। ਇਸ ਦੇ ਚੱਲਦੇ ਬੈਂਕ ਦਾ ਲੱਖਾਂ ਦਾ ਕਰਜ ਸਿਰ ਚੜ ਗਿਆ ਸੀ। ਕਰਜ਼ ਲਗਾਤਾਰ ਵਧ ਰਿਹਾ ਸੀ ਪਰ ਇਸ ਨੂੰ ਚੁਕਾਉਣ ਦਾ ਕੋਈ ਵੀ ਰਾਸਤਾ ਨਜ਼ਰ ਨਹੀਂ ਆ ਰਿਹਾ ਸੀ। ਅਜਿਹੇ ‘ਚ ਕੋਈ ਹੋਰ ਰਾਸਤਾ ਨਜ਼ਰ ਨਾ ਆਉਂਦਾ ਦੇਖ ਉਹ ਕਈ ਦਿਨਾਂ ਤੋਂ ਪ੍ਰੇਸ਼ਾਨ ਚੱਲ ਰਿਹਾ ਸੀ। ਸੋਹਣ ਸਿੰਘ ਦੇ ਪੁੱਤਰ ਸਤਵੀਰ ਸਿੰਘ ਮੁਤਾਬਕ ਉਸ ਦਾ ਪਿਤਾ 25 ਸਤੰਬਰ ਨੂੰ ਅਚਾਨਕ ਘਰੋਂ ਚਲਾ ਗਿਆ ਸੀ। ਪਰ ਵਾਪਸ ਨਾ ਪਰਤਿਆ। ਕਾਫੀ ਭਾਲ ਕਰਨ ਤੋਂ ਬਾਅਦ ਵੀ ਜਦ ਕੁੱਝ ਪਤਾ ਨਾ ਲੱਗਿਆ ਤਾਂ ਪੁਲਿਸ ਨੂੰ ਇਸ ਦੀ ਜਾਣਕਾਰੀ ਦਿੱਤੀ ਗਈ। ਇਸੇ ਦੌਰਾਨ ਸੋਹਣ ਸਿੰਘ ਦੀ ਲਾਸ਼ ਰਣੀਕੇ ਨਹਿਰ ਤੋਂ ਬਰਾਮਦ ਕਰ ਲਈ ਗਈ। ਪੁਲਿਸ ਨੇ 174 ਦੀ ਕਾਰਵਾਈ ਕਰ ਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ। ਖੁਦਕੁਸ਼ੀ ਕਰਨ ਵਾਲਾ ਸੋਹਣ ਸਿੰਘ ਕੋਈ ਪਹਿਲਾ ਕਿਸਾਨ ਨਹੀਂ ਹੈ। ਹਰ ਰੋਜ ਕੋਈ ਨਾ ਕੋਈ ਗਿਆਨ ਕਰਜ਼ ਦੀ ਮਾਰ ਕਾਰਨ ਖੁਦਕੁਸ਼ੀ ਕਰ ਰਿਹਾ ਹੈ। ਪਰ ਇਹਨਾਂ ਖੁਦਕੁਸ਼ੀਆਂ ਨੂੰ ਕਿਵੇਂ ਰੋਕਿਆ ਜਾਵੇ, ਸ਼ਾਇਦ ਇਸ ਪਾਸੇ ਅਜੇ ਸਰਕਾਰਾਂ ਦਾ ਧਿਆਨ ਨਹੀਂ। ਵਧ ਰਹੇ ਖਰਚੇ ਤੇ ਫਸਲਾਂ ਦੇ ਘੱਟ ਮੁੱਲ ਕਾਰਨ ਕਿਸਾਨ ਲਗਾਤਾਰ ਕਮਜੋਰ ਹੁੰਦੇ ਜਾ ਰਹੇ ਹਨ। ਅਜਿਹੇ ‘ਚ ਆਖਰ ਕੌਣ ਇਹਨਾਂ ਕਿਸਾਨਾਂ ਦੀ ਸਾਰ ਲਏਗਾ? ਕੀ ਸਰਕਾਰ ਜੀ ਕਦੇ ਜਾਗੋਗੇ? ਕੀ ਇਹਨਾਂ ਕਿਸਾਨਾਂ ਦਾ ਦਰਦ ਕਦੇ ਸਮਝੋਗੇ? ਆਖਰ ਲੋਕਾਂ ਦਾ ਪੇਟ ਭਰਨ ਵਾਲਾ ਇਹ ਅੰਨਦਾਤਾ ਕਦੋਂ ਤੱਕ ਆਣਆਈ ਮੌਤ ਮਰਦਾ ਰਹੇਗਾ ?