RSS ਲੀਡਰ ਗਗਨੇਜਾ ਦੀ ਹੱਤਿਆ ਦੀ ਲਈ ਜ਼ਿੰਮੇਵਾਰੀ
ਏਬੀਪੀ ਸਾਂਝਾ | 29 Sep 2016 11:41 AM (IST)
ਚੰਡੀਗੜ੍ਹ: ਆਰ.ਐਸ.ਐਸ. ਲੀਡਰ ਜਗਦੀਸ਼ ਗਗਨੇਜਾ ਦੀ ਹੱਤਿਆ ਦੀ ਦਸਮੇਸ਼ ਰੈਜਮੈਂਟ ਨਾਂ ਦੀ ਜਥੇਬੰਦੀ ਨੇ ਜ਼ਿੰਮੇਵਾਰੀ ਲਈ ਹੈ। ਜਥੇਬੰਦੀ ਦਾ ਲੈਟਰ ਹੈੱਡ ਮੀਡੀਆ ਨੂੰ ਈਮੇਲ ਤੇ ਵਟਸਐਪ ਜ਼ਰੀਏ ਭੇਜਿਆ ਗਿਆ ਹੈ। ਉਂਜ, ਪੁਲਿਸ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ। ਜਥੇਬੰਦੀ ਵੱਲੋਂ ਭੇਜੇ ਪੱਤਰ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਉਨ੍ਹਾਂ ਨੇ ਹੀ ਗਗਨੇਜਾ, ਸ਼ਿਵ ਸੈਨਾ ਦੇ ਆਗੂ ਦੁਰਗਾ ਪ੍ਰਸਾਦ ਗੁਪਤਾ ਦਾ ਕਤਲ ਕੀਤਾ ਹੈ। ਉਨ੍ਹਾਂ ਨੇ ਲੁਧਿਆਣਾ ’ਚ ਆਰ.ਐਸ.ਐਸ. ਦੀ ਸ਼ਾਖਾ ’ਤੇ ਹਮਲਾ ਕਰਨ ਦੀ ਵੀ ਜ਼ਿੰਮੇਵਾਰੀ ਲਈ ਹੈ। ਦਸਮੇਸ਼ ਰੈਜਮੈਂਟ ਵੱਲੋਂ ਇਹ ਪੱਤਰ 28 ਸਤੰਬਰ ਨੂੰ ਮਤਾ ਨੰਬਰ 501/2016 ਤਹਿਤ ਰਾਜਿੰਦਰ ਸਿੰਘ ਜਿੰਦਾ ਦੇ ਦਸਤਖਤਾਂ ਹੇਠ ਜਾਰੀ ਕੀਤਾ ਗਿਆ ਹੈ। ਪੱਤਰ ’ਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਵੀ ਧਮਕੀ ਦਿੱਤੀ ਗਈ ਹੈ। ਬਾਦਲ ਪਰਿਵਾਰ ’ਤੇ ਦੋਸ਼ ਲਾਏ ਹਨ ਕਿ ਉਨ੍ਹਾਂ ਨੇ ਸਿੱਖ ਜਵਾਨੀ ਦਾ ਨਸ਼ਿਆਂ ਰਾਹੀਂ ਘਾਣ ਕੀਤਾ ਹੈ। ਇਸ ਲਈ ਜਥੇਬੰਦੀ ਨੇ ਪੰਜਾਬ ਦੀਆਂ ਦੂਜੀਆਂ ਰਾਜਸੀ ਪਾਰਟੀਆਂ ਨੂੰ ਵੀ ਬਰਾਬਰ ਦੀਆਂ ਦੋਸ਼ੀ ਦੱਸਿਆ ਹੈ। ਉਨ੍ਹਾਂ ਨੇ ਪੰਜਾਬ ’ਚ ਚਿੱਟਾ ਤੇ ਸਮੈਕ ਵੇਚਣ ਵਾਲਿਆਂ ਬਾਰੇ ਸਬੂਤਾਂ ਸਮੇਤ ਜਥੇਬੰਦੀ ਨੂੰ ਸੂਚਿਤ ਕਰਨ ਲਈ ਕਿਹਾ ਹੈ। ਜਿਹੜੇ ਜਿਹੜੇ ਦੋਸ਼ੀ ਪਾਏ ਗਏ ਸਾਰਿਆਂ ਨੂੰ ਸਬਕ ਸਿਖਾਇਆ ਜਾਵੇਗਾ। ਉਨ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਸਰਕਾਰੀ ਹੱਥਠੋਕਾ ਦੱਸਦਿਆਂ ਕਿਹਾ ਕਿ ਉਹ ਕੇਂਦਰ ਸਰਕਾਰ ਦੇ ਇਸ਼ਾਰਿਆਂ ’ਤੇ ਚੱਲਣ ਤੋਂ ਬਾਜ਼ ਆਵੇ।