ਬਠਿੰਡਾ: ਆਮ ਆਦਮੀ ਪਾਰਟੀ ਕਿਸੇ ਖਾਸ ਬੰਦੇ ਨੂੰ ਟਿਕਟ ਨਹੀਂ ਦੇਵੇਗੀ। ਇਹ ਦਾਅਵਾ 'ਆਪ' ਦੇ ਪੰਜਾਬ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਫ ਅਕਸ ਵਾਲੇ ਲੋਕਾਂ ਦਾ ਪਾਰਟੀ ਵਿੱਚ ਸਵਾਗਤ ਹੈ ਪਰ ਹਰ ਕਿਸੇ ਨੂੰ ਟਿਕਟ ਨਹੀਂ ਮਿਲੇਗੀ।     ਛੋਟੇਪੁਰ ਅੱਜ ਬਠਿੰਡਾ ਇਕਾਈ ਦੇ ਵਰਕਰਾਂ ਨਾਲ ਮੀਟਿੰਗ ਕਰਨ ਆਏ ਸਨ। ਉਨ੍ਹਾਂ ਨੇ ਵਰਕਰਾਂ ਦੀਆਂ ਮੁਸ਼ਕਲਾਂ ਸੁਣੀਆਂ ਤੇ ਅਗਲੇ ਸਾਲ ਹੋਣ ਵਾਲੀਆਂ ਚੋਣਾਂ ਲਈ ਕਮਰਕੱਸੇ ਕਰਨ ਲਈ ਵੀ ਕਿਹਾ।     ਦਰਅਸਲ ਪਿਛਲੇ ਦਿਨੀਂ ਦੂਜੀਆਂ ਪਾਰਟੀਆਂ ਦੇ ਵੱਡੇ ਲੀਡਰ 'ਆਪ' ਵਿੱਚ ਸ਼ਾਮਲ ਹੋਣ ਦੀਆਂ ਖਬਰਾਂ ਕਰਕੇ ਪਾਰਟੀ ਵਰਕਰਾਂ ਵਿੱਚ ਹਲਚਲ ਮੱਚੀ ਹੋਈ ਹੈ। ਬੀਜੇਪੀ ਦੇ ਸਾਬਕਾ ਸਾਂਸਦ ਨਵਜੋਤ ਸਿੰਘ ਨੂੰ 'ਆਪ' ਵੱਲੋਂ ਮੁੱਖ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਐਲਾਨੇ ਜਾਣ ਦੀਆਂ ਖਬਰਾਂ ਨੇ ਤਾਂ ਪੰਜਾਬ ਲੀਡਰਸ਼ਿਪ ਦੇ ਵੀ ਹੋਸ਼ ਉਡਾ ਦਿੱਤੇ ਹਨ।     ਇਸ ਬਾਰੇ ਛੋਟੇਪੁਰ ਨੇ ਸਪਸ਼ਟ ਕੀਤਾ ਕਿ ਉਨ੍ਹਾਂ ਦੀ ਅਰਵਿੰਦ ਕੇਜਰੀਵਾਲ, ਸੰਜੇ ਸਿੰਘ ਹੋਰ ਲੀਡਰਾਂ ਨਾਲ ਗੱਲ ਹੋ ਚੁੱਕੀ ਹੈ। ਨਵਜੋਤ ਸਿੱਧੂ ਚੋਣ ਨਹੀਂ ਲੜਨਗੇ। ਇਸ ਗੱਲ਼ ਲਈ ਨਵਜੋਤ ਕੌਰ ਸਿੱਧੂ ਵੀ ਰਜ਼ਾਮੰਦ ਹਨ। ਉਨ੍ਹਾਂ ਕਿਹਾ ਕਿ ਪਾਰਟੀ ਵਿੱਚ ਸਾਫ ਅਕਸ ਵਾਲਿਆਂ ਦਾ ਸਵਾਗਤ ਹੈ ਪਰ ਕਿਸੇ ਨੂੰ ਕੋਈ ਖਾਸ ਟਿਕਟ ਨਹੀਂ ਦਿੱਤੀ ਜਾਏਗੀ।