ਅੰਮ੍ਰਿਤਸਰ: ਅੱਜ ਸਵੇਰੇ ਗੁਰੂ ਰਾਮ ਦਾਸ ਕੌਮਾਂਤਰੀ ਹਵਾਈ ਅੱਡੇ 'ਤੇ ਉਸ ਵੇਲੇ ਖਲਬਲੀ ਮੱਚ ਗਈ ਜਦੋਂ ਇੱਕ ਜਹਾਜ਼ ਵਿੱਚੋਂ ਸ਼ੱਕ ਬੈਗ ਮਿਲਿਆ। ਸਪਾਈਸ ਜੈੱਟ ਦੇ ਇਸ ਜਹਾਜ਼ ਨੇ ਦੁਬਈ ਲਈ ਉਡਾਣ ਭਰਨੀ ਸੀ। ਇਸ ਦੌਰਾਨ ਕਿਸੇ ਨੇ ਫੋਨ ਕਰਕੇ ਜਹਾਜ਼ ਵਿੱਚ ਲਾਵਾਰਸ ਬੈਗ ਹੋਣ ਦੀ ਸੂਚਨਾ ਦਿੱਤੀ।   ਸੂਚਨਾ ਮਿਲਦੇ ਹੀ ਜਹਾਜ਼ ਨੂੰ ਖਾਲੀ ਕਰਵਾਇਆ ਗਿਆ। ਜਹਾਜ਼ ਨੂੰ ਤੁਰੰਤ ਰਨਵੇਅ ਤੋਂ ਹਟਾ ਕੇ ਖਾਲੀ ਸਥਾਨ 'ਤੇ ਲਿਜਾਇਆ ਗਿਆ। ਬੰਬ ਨਾਕਾਰਾ ਕਰਨ ਵਾਲੀ ਟੀਮ ਨੂੰ ਵੀ ਮੌਕੇ 'ਤੇ ਬੁਲਾਇਆ ਗਿਆ। ਜਹਾਜ਼ ਵਿੱਚ ਸਵਾਰ ਕਿਸੇ ਵੀ ਯਾਤਰੀ ਨੇ ਬੈਗ 'ਤੇ ਆਪਣਾ ਦਾਅਵਾ ਨਹੀਂ ਜਤਾਇਆ।     ਪੁਲਿਸ ਸੂਤਰਾਂ ਮੁਤਾਬਕ ਕਿਸੇ ਅਣਪਛਾਤੇ ਵਿਅਕਤੀ ਨੇ ਕਾਲ ਕਰਕੇ ਜਹਾਜ਼ ਵਿੱਚ ਬੈਗ ਹੋਣ ਦੀ ਸੂਚਨਾ ਦਿੱਤੀ। ਇਸ ਤੋਂ ਬਾਅਦ ਸੁਰੱਖਿਆ ਏਜੰਸੀਆਂ ਤੁਰੰਤ ਹਰਕਤ ਵਿੱਚ ਆ ਗਈਆਂ। ਇਸ ਦੌਰਾਨ ਹਵਾਈ ਅੱਡੇ ਉੱਪਰ ਸਾਰੀਆਂ ਉਡਾਣਾਂ ਮੁਅੱਤਲ ਕਰ ਦਿੱਤੀਆਂ ਗਈਆਂ।