ਚੰਡੀਗੜ੍ਹ: ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪੰਜਾਬ ਨੂੰ ਹੜ੍ਹ, ਪ੍ਰਭਾਵਿਤ ਸੂਚੀ 'ਚੋਂ ਬਾਹਰ ਰੱਖ ਕੇ ਮੁੜ ਵਿਤਕਰਾ ਕੀਤਾ ਹੈ। ਇਸ ਨਾਲ ਅਕਾਲੀ ਦਲ ਦੀ ਭਾਈਵਾਲੀ ਭਾਜਪਾ ਸਰਕਾਰ ਨੇ ਪੰਜਾਬ ਵਿਰੋਧੀ ਸੋਚ ਦਿਖਾਈ ਹੈ ਪਰ ਮੋਦੀ ਦੀ ਕੈਬਨਿਟ ਮੰਤਰੀ ਹਰਸਿਮਤ ਬਾਦਲ ਤੇ ਸੁਖਬੀਰ ਬਾਦਲ ਨੇ ਚੁੱਪ ਧਾਰੀ ਹੋਈ ਹੈ। ਇਹ ਇਲਜ਼ਾਮ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਤੇ ਉਪ ਨੇਤਾ ਬੀਬੀ ਸਰਬਜੀਤ ਕੌਰ ਮਾਣੂੰਕੇ ਨੇ ਲਾਏ ਹਨ।


ਚੀਮਾ ਨੇ ਕਿਹਾ ਕਿ ਪੰਜਾਬ ਨਾਲ ਵਿਤਕਰਾ ਕਰਨ 'ਚ ਮੋਦੀ ਨੇ ਕਾਂਗਰਸ ਦੀ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਵੀ ਮਾਤ ਦੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੇ ਇਸ ਤੋਂ ਪਹਿਲਾਂ ਪੰਜਾਬ ਨੂੰ ਪਹਾੜੀ ਰਾਜਾਂ ਦੀ ਤਰਜ਼ 'ਤੇ ਵਿਸ਼ੇਸ਼ ਉਦਯੋਗਕ ਪੈਕੇਜ ਤੇ ਟੈਕਸ ਛੋਟਾਂ ਦੇ ਲਾਭ ਤੋਂ ਬਾਹਰ ਰੱਖ ਕੇ ਸੂਬੇ ਨਾਲ ਧ੍ਰੋਹ ਕਮਾਇਆ ਸੀ। ਪੰਜਾਬ ਦੀ ਇੰਡਸਟਰੀ ਤੇ ਕਾਰੋਬਾਰ ਨੂੰ ਤਬਾਹ ਕਰ ਦਿੱਤਾ ਸੀ। ਉਦੋਂ ਸੁਖਬੀਰ ਬਾਦਲ ਨੇ ਆਪਣੀ ਉਦਯੋਗਕ ਰਾਜ ਮੰਤਰੀ ਦੀ ਕੁਰਸੀ ਲਈ ਸੂਬੇ ਨਾਲ ਗ਼ੱਦਾਰੀ ਕੀਤੀ ਸੀ।

ਚੀਮਾ ਨੇ ਕਿਹਾ ਕਿ ਗੰਭੀਰ ਸੰਕਟ ਦਾ ਸਾਹਮਣਾ ਕਰ ਰਹੇ ਸੂਬੇ ਦੇ ਕਿਸਾਨਾਂ ਨੂੰ ਮਹਾਰਾਸ਼ਟਰ ਤੇ ਹੋਰ ਸੂਬਿਆਂ ਵਾਂਗ ਵਿਸ਼ੇਸ਼ ਵਿੱਤੀ ਤੇ ਕਰਜ਼ਾ ਮੁਆਫ਼ੀ ਪੈਕੇਜ ਤਾਂ ਕੀ ਦੇਣਾ ਸੀ, ਹੜ੍ਹਾਂ ਨਾਲ ਹੋਈ ਬਰਬਾਦੀ ਲਈ ਵੀ ਮੋਦੀ ਸਰਕਾਰ ਨੇ ਪੰਜਾਬ ਦੀ ਬਾਂਹ ਨਹੀਂ ਫੜੀ। ਚੀਮਾ ਨੇ ਕਿਹਾ ਕਿ ਇਸ ਘੋਰ ਬੇਇਨਸਾਫ਼ੀ ਲਈ ਪੰਜਾਬ ਦੇ ਲੋਕ ਭਾਜਪਾ ਤੇ ਬਾਦਲਾਂ ਨੂੰ ਕਦੇ ਮੁਆਫ਼ ਨਹੀਂ ਕਰਨਗੇ।

ਬੀਬੀ ਸਰਬਜੀਤ ਕੌਰ ਮਾਣੂੰਕੇ ਨੇ ਕਿਹਾ ਕਿ ਬਾਦਲ ਪਰਿਵਾਰ ਦੀ ਨੂੰਹ ਰਾਣੀ ਹਰਸਿਮਰਤ ਕੌਰ ਬਾਦਲ ਪੰਜਾਬ 'ਤੇ ਗਹਿਰਾਉਂਦੇ ਹਰ ਸੰਕਟ ਮੌਕੇ 'ਖਲਨਾਇਕ' ਸਾਬਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਮੌਕੇ ਵਜੀਰੀਆਂ ਨੂੰ 'ਜੁੱਤੀ ਦੀ ਨੋਕ' 'ਤੇ ਰੱਖ ਕੇ ਪੰਜਾਬ ਦੇ ਹਿੱਤ ਡਟਣਾ ਹਰਸਿਮਰਤ ਬਾਦਲ ਦਾ ਪਹਿਲਾ ਫ਼ਰਜ਼ ਬਣਦਾ ਹੈ, ਪਰ ਕੁਰਸੀ ਦੇ ਲਾਲਚ 'ਚ ਹਰਸਿਮਰਤ ਨੇ ਹਮੇਸ਼ਾ, ਚੁੱਪੀ-ਸਾਧੀ ਤੇ ਪੰਜਾਬ ਦੀ ਪਿੱਠ 'ਚ ਛੁਰਾ ਮਾਰਿਆ। ਇਸੇ ਤਰ੍ਹਾਂ ਦੀ ਗ਼ੱਦਾਰੀ ਖ਼ੁਦ ਨੂੰ ਪੰਜਾਬ ਦੇ ਨੁਮਾਇੰਦੇ ਦੱਸਣ ਵਾਲੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਤੇ ਹਰਦੀਪ ਸਿੰਘ ਪੁਰੀ ਨੇ ਕੀਤੀ ਹੈ।