ਗੁਰਦਾਸਪੁਰ: ਪਿੰਡ ਤੁੰਗ ਵਿੱਚ ਦੇਰ ਰਾਤ ਆਪਣੀ ਪ੍ਰੇਮਿਕਾ ਨੂੰ ਮਿਲਣ ਗਏ 28 ਸਾਲਾ ਨੌਜਵਾਨ ਯੂਸਫ ਮਸੀਹ ਨੂੰ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਲੜਕਾ ਤੇ ਲੜਕੀ ਦੋਵੇਂ ਪਿਛਲੇ ਦੋ ਸਾਲਾਂ ਤੋਂ ਪ੍ਰੇਮ ਸਬੰਧਾਂ ਵਿੱਚ ਸਨ। ਪੁਲਿਸ ਨੇ ਨੌਜਵਾਨ ਦੀ ਲਾਸ਼ ਪੋਸਟ ਮਾਰਟਮ ਲਈ ਭੇਜ ਕੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਮੁਲਜ਼ਮ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹਨ।
ਹਾਸਲ ਜਾਣਕਾਰੀ ਦਿੰਦਿਆਂ ਮ੍ਰਿਤਕ ਨੌਜਵਾਨ ਯੂਜ਼ਫ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਸ ਦਾ ਪਿੰਡ ਦੀ ਹੀ ਲੜਕੀ ਮਨਪ੍ਰੀਤ ਨਾਲ ਪਿਛਲੇ ਦੋ ਸਾਲਾਂ ਨਾਲ ਪ੍ਰੇਮ ਸਬੰਧ ਸੀ। ਲੜਕੀ ਉਨ੍ਹਾਂ ਦੇ ਮੁੰਡੇ ਨਾਲ ਘਰੋਂ ਭੱਜ ਗਈ ਸੀ। ਫਿਰ ਵਾਪਸ ਆਉਣ ਬਾਅਦ ਪੰਚਾਇਤ ਵਿੱਚ ਰਾਜੀਨਾਮਾ ਹੋ ਗਿਆ ਸੀ ਪਰ ਲੜਕੀ ਫਿਰ ਵੀ ਮੁੰਡੇ ਨੂੰ ਫੋਨ ਕਰਦੀ ਸੀ।
ਪਰਿਵਾਰ ਨੇ ਦੱਸਿਆ ਕਿ ਕੱਲ੍ਹ ਸ਼ਾਮ ਨੂੰ ਯੂਸਫ ਕੰਮ ਕਰਨ ਲਈ ਗਿਆ ਸੀ ਪਰ ਲੜਕੀ ਦੇ ਪਰਿਵਾਰ ਰਾਹ ਵਿੱਚੋਂ ਹੀ ਉਸ ਨੂੰ ਚੁੱਕ ਕੇ ਘਰ ਲੈ ਗਿਆ। ਉੱਥੇ ਜਾ ਕੇ ਉਸ ਨੂੰ ਮਾਰ ਦਿੱਤਾ। ਪਰਿਵਾਰ ਨੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਮੰਗੀ ਹੈ।
ਦੂਜੇ ਪਾਸੇ ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਪਿੰਡ ਵਿੱਚ ਨੌਜਵਾਨ ਦੇ ਕਤਲ ਦੀ ਜਾਣਕਾਰੀ ਮਿਲੀ ਸੀ। ਜਾਂਚ ਦੌਰਾਨ ਪਤਾ ਲੱਗਾ ਕਿ ਪਿੰਡ ਦੀ ਲੜਕੀ ਮਨਪ੍ਰੀਤ ਨੇ ਦੇਰ ਰਾਤ ਯੂਸਫ ਨੂੰ ਮਿਲਣ ਲਈ ਆਪਣੇ ਘਰ ਬੁਲਾਇਆ ਸੀ। ਲੜਕੀ ਦੇ ਪਰਿਵਾਰ ਨੇ ਲੜਕੇ ਯੂਸਫ ਨੂੰ ਮੌਕੇ 'ਤੇ ਫੜ ਲਿਆ ਤੇ ਕੁੱਟ-ਕੁੱਟ ਕੇ ਉਸ ਦਾ ਕਤਲ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਫਿਲਹਾਲ ਮੁਲਜ਼ਮ ਫਰਾਰ ਹਨ।