ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਸਿਫਰ ਕਾਲ ਦੌਰਾਨ ਮੋਗਾ ਦੇ ਘੱਟ ਗਿਣਤੀ ਨਾਲ ਸਬੰਧਿਤ ਮਿਸ਼ਨਰੀ ਸਕੂਲ 'ਤੇ ਸੱਤਾਧਾਰੀ ਕਾਂਗਰਸੀਆਂ ਤੇ ਸਬੰਧਿਤ ਕਰਮਚਾਰੀ-ਅਧਿਕਾਰੀਆਂ ਦੀ ਮਿਲੀਭੁਗਤ ਨਾਲ ਨਜਾਇਜ਼ ਕਬਜ਼ ਦਾ ਇਲਜ਼ਾਮ ਲਾਇਆ। ਚੀਮਾ ਨੇ ਇਹ ਵੀ ਇਲਜ਼ਾਮ ਲਾਇਆ ਕਿ ਮੋਗਾ ਸਮੇਤ ਪੂਰੇ ਪੰਜਾਬ ਵਿੱਚ ਲੈਂਡ ਮਾਫੀਆ ਸਰਗਰਮੀ ਨਾਲ ਕੰਮ ਕਰ ਰਿਹਾ ਹੈ।


ਇਸ ਦੇ ਨਾਲ ਹੀ ਸੁਨਾਮ ਤੋਂ 'ਆਪ' ਵਿਧਾਇਕ ਅਮਨ ਅਰੋੜਾ ਨੇ ਸਿਫਰਕਾਲ ਦੌਰਾਨ ਬੇਅਦਬੀ ਤੇ ਗੋਲੀਕਾਂਡ ਦਾ ਮੁੱਦਾ ਚੁੱਕਦਿਆਂ ਸਰਕਾਰ ਤੋਂ ਸੀਬੀਆਈ ਜਾਂਚ ਵਾਪਸ ਲੈਣ ਸਬੰਧੀ ਜਾਰੀ ਨੋਟੀਫਿਕੇਸ਼ਨ ਬਾਰੇ ਸਪੱਸ਼ਟੀਕਰਨ ਮੰਗਿਆ। ਅਮਨ ਅਰੋੜਾ ਨੇ ਸਰਕਾਰ ਤੋਂ ਪੁਛਿਆ ਕਿ ਜਦੋਂ ਵਿਧਾਨ ਸਭਾ ਦੇ ਸਦਨ ਨੇ ਸੀਬੀਆਈ ਤੋਂ ਜਾਂਚ ਵਾਪਸ ਲੈਣ ਦਾ ਫੈਸਲਾ ਲੈ ਲਿਆ ਸੀ ਤਾਂ ਇਸ ਸਬੰਧੀ ਨੋਟੀਫਿਕੇਸ਼ਨ ਕਿਸ ਤਾਰੀਖ ਨੂੰ ਜਾਰੀ ਕੀਤੀ ਗਈ?


ਉਨ੍ਹਾਂ ਕਿਹਾ ਕਿ ਜੇ ਨੋਟੀਫਿਕੇਸ਼ਨ ਜਾਰੀ ਨਹੀਂ ਕੀਤੀ ਗਈ ਤਾਂ ਕੀ ਇਹ ਸਦਨ ਦੇ ਅਧਿਕਾਰਾਂ ਦੇ ਉਲੰਘਣਾ ਨਹੀਂ? ਅਮਨ ਅਰੋੜਾ ਨੇ ਇਹ ਵੀ ਕਿਹਾ ਕਿ ਅਸਲੀ ਦੋਸ਼ੀਆਂ ਨੂੰ ਬਚਾਉਣ ਲਈ ਕੈਪਟਨ ਅਮਰਿੰਦਰ ਸਿੰਘ, ਐਡਵੋਕੇਟ ਜਨਰਲ ਪੰਜਾਬ ਤੇ ਸਿਟ ਦੇ ਮੁਖੀ ਵੱਖੋ-ਵੱਖਰੀ ਬਿਆਨਬਾਜ਼ੀ ਕਰਕੇ ਦੋਸ਼ੀਆਂ ਨੂੰ ਬਚਾਉਣ ਦੀ ਕਾਰਵਾਈ ਕਰ ਰਹੇ ਹਨ।