ਸਿਡਨੀ: ਇੱਥੋਂ ਦੀਆਂ ਸਥਾਨਕ ਔਰਤਾਂ ਨਾਲ ਫਰਜ਼ੀ ਵਿਆਹ ਕਰਵਾਉਣ ਦਾ ਭਾਂਡਾ ਫੁੱਟ ਗਿਆ ਹੈ। ਆਸਟਰੇਲੀਆ ਕੇਂਦਰੀ ਪੁਲਿਸ ਨੇ 160 ਤੋਂ ਵੱਧ ਨਕਲੀ ਵਿਆਹਾਂ ਨੂੰ ਖਾਰਜ ਕਰ ਦਿੱਤਾ ਹੈ। ਇਨ੍ਹਾਂ ਵਿੱਚ ਪੰਜਾਬੀ ਵੀ ਵੱਡੀ ਗਿਣਤੀ ਵਿੱਚ ਸ਼ਾਮਲ ਹਨ। ਪੁਲਿਸ ਮੁਤਾਬਕ ਇਨ੍ਹਾਂ ਕਾਗ਼ਜ਼ੀ ਵਿਆਹਾਂ ਨੂੰ ਸਿਰਫ ਤੇ ਸਿਰਫ ਆਸਟ੍ਰੇਲੀਆ ਵਿੱਚ ਪੱਕੇ ਹੋਣ ਲਈ 20,000 ਤੋਂ 25,000 ਡਾਲਰ ਤਕ ਦੇ ਸੌਦੇ ਤਹਿਤ ਕੀਤਾ ਗਿਆ ਹੈ।


ਆਸਟ੍ਰੇਲੀਆਈ ਅਖ਼ਬਰ 'ਦ ਸਿਡਨੀ ਮਾਰਨਿੰਗ ਹੈਰਾਲਡ' ਦੀ ਖ਼ਬਰ ਮੁਤਾਬਕ ਵਿਆਹ ਰੱਦ ਹੋਣ ਮਗਰੋਂ ਆਸਟ੍ਰੇਲੀਆ ਦੇ ਪੱਕੇ ਵਸਨੀਕ ਲਈ ਪ੍ਰਵਾਸ ਵਿਭਾਗ ਕੋਲ ਦਾਖ਼ਲ ਅਰਜ਼ੀਆਂ ਨੂੰ ਵੀ ਰੱਦ ਕਰ ਦਿੱਤਾ ਗਿਆ ਹੈ। ਦਰਅਸਲ, ਪੁਲਿਸ ਨੇ ਨਕਲੀ ਵਿਆਹਾਂ ਬਾਰੇ ਸੂਹ ਮਿਲਣ ’ਤੇ ਗੁਪਤ ਆਪ੍ਰੇਸ਼ਨ ਚਲਾਇਆ ਸੀ। ਵਿਆਹ ਸਕੈਂਡਲ ਵਿੱਚ ਸੂਤਰਧਾਰ ਬਣੇ ਜਗਜੀਤ ਸਿੰਘ (32) ਨੂੰ ਪੁਲਿਸ ਨੇ ਕਾਬੂ ਕੀਤਾ। ਸਰਕਾਰ ਨੇ ਉਸ ਦਾ ਭਾਰਤੀ ਪਾਸਪੋਰਟ ਜ਼ਬਤ ਕਰਕੇ ਉਸ ਖ਼ਿਲਾਫ਼ ਕਾਨੂੰਨ ਕਾਰਵਾਈ ਸ਼ੁਰੂ ਕਰ ਦਿੱਤੀ ਹੈ।



ਸਥਾਨਕ ਪੁਲਿਸ ਨੇ ਦੱਸਿਆ ਕਿ ਸਾਲ 2015 ਦੇ ‘ਵੈਲੇਨਟਾਈਨ ਡੇਅ’ ਤੋਂ ਇੱਕ ਦਿਨ ਪਹਿਲਾਂ ਆਸਟ੍ਰੇਲੀਆ ਵਾਸੀ ਚਾਲੋਈ ਮੌਸਨੇਰ ਨੇ ਸਿਡਨੀ ਦੇ ਬਲੈਕਟਾਊਨ ਵਿੱਚ ਆਪਣੇ ਮਾਪਿਆਂ ਦੇ ਘਰ ਸਮਾਰੋਹ ਵਿੱਚ ਸਿਧਾਰਥ ਸ਼ਰਮਾ ਨਾਲ ਵਿਆਹ ਕਰਵਾਇਆ ਸੀ। ਦੋਹਾਂ ਨੇ ਵਿਆਹ ਦੇ ਸਰਟੀਫਿਕੇਟ ’ਤੇ ਦਸਤਖ਼ਤ ਕੀਤੇ, ਤਸਵੀਰਾਂ ਖਿਚਵਾਈਆਂ ਤੇ ਨਵਾਂ ਸਾਂਝਾ ਬੈਂਕ ਖਾਤਾ ਖੋਲ੍ਹਿਆ। ਇਸ ਵਿਆਹ ਵਿੱਚ ਜਗਜੀਤ ਸਿੰਘ ਕਥਿਤ ਵਿਚੋਲਾ ਸੀ। ਦੋ ਮਹੀਨਿਆਂ ਬਾਅਦ ਮੌਸਨੇਰ ਨੇ ਮੰਨ ਲਿਆ ਕਿ ਉਸ ਦਾ ਵਿਆਹ ਸਿਰਫ ਵਿਖਾਵਾ ਸੀ, ਜਿਸ ਤਹਿਤ ਉਸ ਨੇ ਸ਼ਰਮਾ ਨੂੰ ਆਸਟ੍ਰੇਲੀਆ ਦੀ ਪੀਆਰ ਹਾਸਲ ਕਰਨ ਲਈ ਰਾਹ ਪੱਧਰਾ ਕੀਤਾ ਸੀ। ਇਸ ਬਦਲੇ ਉਸ ਨੂੰ 19,500 ਡਾਲਰ ਦੀ ਕਮਾਈ ਹੋਣੀ ਸੀ।

ਜਾਂਚਕਰਤਾਵਾਂ ਦਾ ਕਹਿਣਾ ਹੈ ਕਿ ਮੌਸਨੇਰ ਇਕੱਲੀ ਨਹੀਂ, ਕਈ ਹੋਰ ਆਰਥਿਕ ਤੌਰ ’ਤੇ ਕਮਜ਼ੋਰ ਆਸਟ੍ਰੇਲੀਆ ਵਾਸੀ ਹਨ, ਜੋ ਇਸ ਜਾਅਲਸਾਜ਼ੀ ਸਮੂਹ ਦਾ ਹਿੱਸਾ ਹਨ। ਉਕਤ ਕੇਸ ਤੋਂ ਇਲਾਵਾ ਜ਼ਾਇਨਾ ਯੂਸਫ ਅਤੇ ਕਰਮਜੀਤ ਸਿੰਘ, ਬੈਂਜਾਮਿਨ ਪ੍ਰੋਥਰੋ ਅਤੇ ਗੁਰਪ੍ਰੀਤ ਕੌਰ ਤੇ ਅਪਰੈਲ ਵ੍ਹੀਲਰ ਤੇ ਮਨੀਕਰਨ ਸਿੰਘ ਦਾ ਵਿਆਹ ਫ਼ਰਜ਼ੀ ਸਾਬਤ ਹੋਇਆ। ਵਿਆਹ ਘਪਲੇ ਵਿਚ ਭਾਰਤੀਆਂ ਦੇ ਨਾਂਅ ਉੱਭਰ ਕੇ ਸਾਹਮਣੇ ਆਏ ਹਨ ਪਰ ਸੁਪਰਡੈਂਟ ਲੋਅ ਦਾ ਕਹਿਣਾ ਹੈ ਕਿ ਫ਼ਰਜ਼ੀ ਵਿਆਹ ਵੀਜ਼ਾ ਘੁਟਾਲਾ ‘ਕਿਸੇ ਇੱਕ ਕੌਮ’ ਨਾਲ ਜੁੜਿਆ ਨਹੀਂ ਹੈ।