Punjab News: ਮੁੱਖ ਮੰਤਰੀ ਭਗਵੰਤ ਮਾਨ ਦੇ ਕਥਿਤ ਵਿਵਾਦਪੂਰਨ ਵੀਡੀਓ ਤੋਂ ਬਾਅਦ ਸਿਆਸਤ ਵਿੱਚ ਹਲਚਲ ਮੱਚੀ ਹੋਈ ਹੈ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਬੁਲਾਰੇ ਬਲਤੇਜ ਪੰਨੂ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਕੀਤੀ। ਕਾਨਫਰੰਸ ਦੌਰਾਨ, ਆਮ ਆਦਮੀ ਪਾਰਟੀ (AAP) ਨੇ ਦੋ ਲੈਬਾਂ ਤੋਂ ਰਿਪੋਰਟਾਂ ਪੇਸ਼ ਕੀਤੀਆਂ।
ਪਾਰਟੀ ਨੇ ਦਾਅਵਾ ਕੀਤਾ ਕਿ ਇਨ੍ਹਾਂ ਰਿਪੋਰਟਾਂ ਵਿੱਚ ਮੁੱਖ ਮੰਤਰੀ ਦੇ ਸਰੀਰ ਦਾ ਕੁੱਲ 1191 ਵੱਖ-ਵੱਖ ਐਂਗਲ ਨਾਲ ਵਿਸ਼ਲੇਸ਼ਣ ਕੀਤਾ ਗਿਆ ਹੈ, ਜਿਸ ਵਿੱਚ ਉਨ੍ਹਾਂ ਦੇ ਚਿਹਰੇ, ਸਰੀਰ ਅਤੇ ਚਾਲ ਦੇ ਅਧਿਐਨ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਦੋਵੇਂ ਲੈਬਾਂ ਸੁਤੰਤਰ ਹਨ, ਭਾਰਤ ਸਰਕਾਰ ਦੁਆਰਾ ਮਾਨਤਾ ਪ੍ਰਾਪਤ ਹਨ ਅਤੇ ਪੰਜਾਬ ਤੋਂ ਬਾਹਰ ਸਥਿਤ ਹਨ।
ਆਪ ਆਗੂਆਂ ਦੇ ਅਨੁਸਾਰ, ਰਿਪੋਰਟ ਸਪੱਸ਼ਟ ਤੌਰ 'ਤੇ ਦਰਸਾਉਂਦੀ ਹੈ ਕਿ ਵੀਡੀਓ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨਹੀਂ ਹਨ, ਸਗੋਂ ਇੱਕ ਅਦਾਕਾਰ ਹੈ, ਕਿਸੇ ਐਕਟਰ ਦੀ ਵਰਤੋਂ ਕਰਕੇ ਇਸ ਵੀਡੀਓ ਨੂੰ ਤਿਆਰ ਕੀਤਾ ਗਿਆ ਹੈ। ਉੱਥੇ ਹੀ ਆਪ ਅੱਜ ਇਸ ਮਾਮਲੇ ਸਬੰਧੀ ਪੰਜਾਬ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ (DGP) ਨਾਲ ਵੀ ਮੁਲਾਕਾਤ ਕਰਨ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ 'ਤੇ ਗੁਰੂ ਸਾਹਿਬਾਨ ਦੀ ਤਸਵੀਰ ਦੇ ਸਾਹਮਣੇ ਸ਼ਰਾਬ ਪੀਣ ਅਤੇ ਤਸਵੀਰ 'ਤੇ ਸ਼ਰਾਬ ਦੇ ਛਿੱਟੇ ਮਾਰਨ ਦਾ ਦੋਸ਼ ਹੈ। ਇਸ ਦੀ ਇੱਕ ਵੀਡੀਓ ਕਥਿਤ ਤੌਰ 'ਤੇ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਸੀ। ਇਸ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਵਲੋਂ ਇਸ ਵੀਡੀਓ ਦੀ ਜਾਂਚ ਕਰਵਾਈ ਗਈ ਤਾਂ ਜਿਸ ਵਿੱਚ ਸਾਹਮਣੇ ਆਇਆ ਸੀ, ਇਸ ਵੀਡੀਓ ਵਿੱਚ ਨਜ਼ਰ ਆ ਰਹੇ ਵਿਅਕਤੀ ਮੁੱਖ ਮੰਤਰੀ ਭਗਵੰਤ ਮਾਨ ਹਨ, ਜਿਸ ਤੋਂ ਬਾਅਦ ਕਾਰਵਾਈ ਕਰਦਿਆਂ ਹੋਇਆਂ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਉਨ੍ਹਾਂ ਨੂੰ ਪੰਥ ਦੋਖੀ ਕਰਾਰ ਦਿੱਤਾ ਗਿਆ। ਇਸ ਫੈਸਲੇ ਨਾਲ ਪੰਜਾਬ ਦੀ ਸਿਆਸਤ ਵਿੱਚ ਕਾਫੀ ਹਲਚਲ ਮੱਚੀ ਹੋਈ ਹੈ। ਉੱਥੇ ਹੀ ਇਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਲਾਈਵ ਹੋ ਕੇ ਇਸ 'ਤੇ ਸਪੱਸ਼ਟੀਕਰਨ ਦਿੱਤਾ ਸੀ।
