ਚੰਡੀਗੜ੍ਹ: ਦਿੱਲੀ 'ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਿਚਾਲੇ ਹੋਏ ਨੌਲੇਜ਼ ਸ਼ੇਅਰਿੰਗ ਕਰਾਰ (MoU) ਮਗਰੋਂ ਪੰਜਾਬ 'ਚ ਸਿਆਸੀ ਘਮਸਾਣ ਮਚਿਆ ਹੋਇਆ ਹੈ। ਵਿਰੋਧੀਆਂ ਨੇ ਸੀਐਮ ਭਗਵੰਤ ਮਾਨ ਨੂੰ ਘੇਰਿਆ ਹੈ।ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਹੈ ਕਿ ਅੱਜ ਤੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਹੀਂ ਬਲਕਿ ਅਰਵਿੰਦ ਕੇਜਰੀਵਾਲ ਹਨ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦਿੱਲੀ ਸਰਕਾਰ ਨਾਲ ਐਮਓਯੂ ਕਰਕੇ ਪੰਜਾਬ ਨੂੰ ਦਿੱਲੀ ਦੇ ਹਵਾਲੇ ਕਰ ਦਿੱਤਾ ਹੈ। ਇਸ ਮਗਰੋਂ ਆਪ ਦੇ ਬੁਲਾਰੇ ਮਾਲਵਿੰਦਰ ਕੰਗ ਨੇ ਸੁਖਬੀਰ ਬਾਦਲ ਨੂੰ ਜਵਾਬ ਦਿੱਤਾ ਹੈ।


ਵਿਰੋਧੀ ਪਾਰਟੀਆਂ ਵੱਲੋਂ ਇਸ ਸਮਝੌਤੇ ’ਤੇ ਸਵਾਲ ਖੜੇ ਕਰਨ ਬਾਰੇ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੀਡੀਆ ਸਾਹਮਣੇ ਝੂਠੇ ਦਸਤਾਵੇਜ਼ ਪੇਸ਼ ਕੀਤੇ ਹਨ। ਉਨ੍ਹਾਂ ਬਾਦਲ ਪਰਿਵਾਰ ’ਤੇ ਹਮਲਾ ਬੋਲਦਿਆਂ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਨੌਜਵਾਨਾਂ ਨੂੰ ਪੰਜਾਬ ਛੱਡ ਕੇ ਵਿਦੇਸ਼ ਜਾਣ ਲਈ ਮਜ਼ਬੂਰ ਕੀਤਾ,  ਨੌਜਵਾਨਾਂ ਦਾ ਭਵਿੱਖ ਅੰਧਕਾਰ ’ਚ ਡੋਬਿਆ ਹੈ ਅਤੇ ਉਨ੍ਹਾਂ ਨੂੰ ਨਸ਼ੇ ਦੇ ਜਾਲ ਵਿੱਚ ਫਸਾਇਆ , ਅੱਜ ਉਹ ਲੋਕ ਪੰਜਾਬ ਸਰਕਾਰ ਦੇ ਚੰਗੇ ਫ਼ੈਸਲੇ ’ਤੇ ਸਵਾਲ ਚੁੱਕ ਰਹੇ ਹਨ। ਬਾਦਲ ਪਰਿਵਾਰ ਨੂੰ ਇਸ ਮਾਮਲੇ ’ਚ ਬੋਲਣ ਦਾ ਕੋਈ ਨੈਤਿਕ ਹੱਕ ਨਹੀਂ ਹੈ।


ਸੁਖਬੀਰ ਬਾਦਲ ਨੂੰ ਘੇਰਦੇ ਹੋਏ ਕੰਗ ਨੇ ਕਿਹਾ, "ਜਦੋਂ ਉਹ ਕੈਨੇਡਾ ਜਾ ਕੇ MoU ਕਰਦੇ ਸੀ ਤਾਂ ਕੀ ਉਹ ਪੰਜਾਬ ਦੇ ਹਿੱਤਾਂ ਨੂੰ ਵੇਚ ਆਉਂਦੇ ਸੀ?ਪੰਜਾਬ ਦੇ ਇਤਿਹਾਸ 'ਚ ਸੁਨਹਰੀ ਪੰਨਾ ਦਰਜ ਹੋਇਆ ਹੈ।ਮੈਂ ਬਹੁਤ ਹੈਰਾਨ ਹਾਂ ਜੋ ਪੰਜਾਬ ਨੂੰ ਕਾਲੇ ਦੌਰ ਲੈ ਗਈ ਯਾਨੀ ਕਾਂਗਰਸ ਅਤੇ ਦੂਜੀ ਜਿਸ ਨੇ ਨੌਜਵਾਨਾਂ ਦਾ ਭਵਿੱਖ ਹਨੇਰਾ ਵੱਲ ਧੱਕ ਦਿੱਤਾ ਯਾਨੀ ਅਕਾਲੀ ਦਲ ਜਿਨ੍ਹਾਂ ਨੇ ਨਿੱਜੀ ਮੁਫਾਦ ਲਈ ਸਭ ਕੁਝ ਕੀਤਾ ਤੇ ਅੱਜ ਪੰਜਾਬ ਸਿਰ ਤਿੰਨ ਲੱਖ ਕਰੋੜ ਦਾ ਕਰਜ਼ਾ ਚੜ੍ਹਾ ਦਿੱਤਾ ਉਹ ਇਹ ਸਭ ਬੋਲ ਰਹੇ ਹਨ।"


ਕੰਗ ਨੇ ਕਿਹਾ ਕਿ ਇਸ ਸਮਝੌਤੇ ਦਾ ਮਕਸਦ ਹੈ, ਦਿੱਲੀ ਦੀ ਤਰਜ ’ਤੇ ਪੰਜਾਬ ਦੀ ਸਿੱਖਿਆ ਅਤੇ ਇਲਾਜ ਵਿਵਸਥਾ ਨੂੰ ਮਜਬੂਤ ਕਰਨਾ  ਹੈ ਅਤੇ ਪੰਜਾਬ ਦੇ ਲੋਕਾਂ ਨੂੰ ਚੰਗੀ ਸਿੱਖਿਆ ਅਤੇ ਇਲਾਜ ਸਮੇਤ ਹੋਰ ਸਹੂਲਤਾ ਪ੍ਰਦਾਨ ਕਰਨਾ ਹੈ। ਇਸ ਸਮਝੌਤੇ ਤੋਂ ਬਾਅਦ ਹੁਣ ਦੋਵੇਂ ਸਰਕਾਰਾਂ ਲੋਕ ਭਲਾਈ ਲਈ ਜ਼ਰੂਰੀ ਅਤੇ ਮਹੱਤਵਪੂਰਨ ਵਿਚਾਰਾਂ ਅਤੇ ਯੋਜਨਾਵਾਂ ਨੂੰ ਆਪਸ ’ਚ ਆਦਾਨ ਪ੍ਰਦਾਨ ਕਰਨਗੀਆਂ, ਜਿਸ ਨਾਲ ਸਰਕਾਰੀ ਸੇਵਾਵਾਂ ਅਤੇ ਕਲਿਆਣਕਾਰੀ ਯੋਜਨਾਵਾਂ ਨੂੰ ਕਾਫੀ ਉਤਸ਼ਾਹ ਮਿਲੇਗਾ ਅਤੇ ਲੋਕਾਂ ਨੂੰ ਚੰਗੀਆਂ ਸਹੂਲਤਾਂ ਮਿਲਣਗੀਆਂ। ਪੰਜਾਬ ਦੇ ਚੰਗੇ ਮਾਡਲ ਨਾਲ ਦਿੱਲੀ ਦੇ ਲੋਕਾਂ ਨੂੰ ਲਾਭ ਪਹੁੰਚੇਗਾ ਅਤੇ ਦਿੱਲੀ ਦੀਆਂ ਚੰਗੀ ਯੋਜਨਾਵਾਂ ਨਾਲ ਪੰਜਾਬ ਦੇ ਲੋਕਾਂ ਨੂੰ ਫਾਇਦਾ ਹੋਵੇਗਾ।


ਕੰਗ ਨੇ ਕਿਹਾ ਕਿ ਕਾਂਗਰਸ ਅਤੇ ਅਕਾਲੀ ਦਲ ਬਾਦਲ ਦੋਵਾਂ ਪਾਰਟੀਆਂ ਨੇ ਮਿਲ ਕੇ ਪੰਜਾਬ ਨੂੰ ਲੁੱਟਿਆ ਅਤੇ ਸਰਕਾਰੀ ਸਾਧਨਾਂ ਨੂੰ ਨੁਕਸਾਨ ਪਹੁੰਚਾਇਆ ਹੈ। ਅਕਾਲੀ ਦਲ ਨੇ ਸਰਕਾਰੀ ਬੱਸ ਸੇਵਾ ਨੂੰ ਬਰਬਾਦ ਕਰਕੇ ਆਪਣੀਆਂ ਬੱਸਾਂ ਚਲਾਈਆਂ, ਜਿਸ ਕਾਰਨ ਅੱਜ ਪੀ.ਆਰ.ਟੀ.ਸੀ.  ਅਤੇ ਰੋਡਵੇਜ਼ ਵੱਡੇ ਘਾਟੇ ’ਚ ਚਲ ਰਹੀਆਂ ਹਨ। ਦੋਵਾਂ ਪਾਰਟੀਆਂ ਦੀਆਂ ਸਰਕਾਰਾਂ ਨੇ ਪੰਜਾਬ ’ਤੇ 3 ਲੱਖ ਕਰੋੜ ਦਾ ਕਰਜਾ ਚੜਾਇਆ ਹੈ ਅਤੇ ਆਪਣੇ ਵੱਡੇ ਵੱਡੇ ਮਹੱਲ ਖੜ੍ਹੇ ਕੀਤੇ ਹਨ। ਕਾਂਗਰਸ ਅਤੇ ਅਕਾਲੀਆਂ ਦੇ ਸਮੇਂ ਪੰਜਾਬ ਦਾ ਜਿਹੜਾ ਢਾਂਚਾ ਖ਼ਰਾਬ ਹੋਇਆ ਹੈ, ਉਸ ਨੂੰ ਠੀਕ ਕਰਨ ਨਹੀ ਆਮ ਆਦਮੀ ਪਾਰਟੀ ਦੀ ਸਰਕਾਰ ਚੰਗੇ ਕਦਮ ਚੁੱਕ ਰਹੀ ਹੈ।