ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਹੈ ਕਿ ਅੱਜ ਤੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਹੀਂ ਬਲਕਿ ਅਰਵਿੰਦ ਕੇਜਰੀਵਾਲ ਹਨ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦਿੱਲੀ ਸਰਕਾਰ ਨਾਲ ਐਮਓਯੂ ਕਰਕੇ ਪੰਜਾਬ ਨੂੰ ਦਿੱਲੀ ਦੇ ਹਵਾਲੇ ਕਰ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਮੈਨੂੰ ਲੱਗਾ ਸੀ ਕਿ ਸਾਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ 100 ਦਿਨ ਦਿੱਤੇ ਜਾਣੇ ਚਾਹੀਦੇ ਹਨ ਪਰ ਅੱਜ ਦਾ ਫੈਸਲਾ ਇੱਕ ਇਤਿਹਾਸਕ ਭੁੱਲ ਹੈ ਤੇ ਪੰਜਾਬ ਦੀ ਪਿੱਠ ਵਿੱਚ ਛੁਰਾ ਮਰਿਆ ਗਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਪਹਿਲਾਂ ਹੀ ਕਹਿੰਦੇ ਸੀ ਕਿ ਕੇਜਰੀਵਾਲ ਪੰਜਾਬ ਦਾ ਮੁੱਖ ਮੰਤਰੀ ਬਣਨਾ ਚਾਹੁੰਦਾ ਹੈ। ਉਨ੍ਹਾਂ ਦਾ ਨਿਸ਼ਾਨਾ ਸੀ ਕਿ ਮੈਂ ਪੰਜਾਬ ਦਾ ਮੁੱਖ ਮੰਤਰੀ ਬਣਾਂ ਪਰ ਭਗਵੰਤ ਮਾਨ ਨੂੰ ਬਣਾਉਣਾ ਉਨ੍ਹਾਂ ਦੀ ਮਜਬੂਰੀ ਬਣ ਗਈ ਸੀ।
ਸੁਖਬੀਰ ਬਾਦਲ ਨੇ ਕਿਹਾ ‘ਆਪ’ ਦੀ ਸਰਕਾਰ ਬਣਨ ਤੋਂ ਬਾਅਦ ਕੇਜਰੀਵਾਲ ਨੇ ਹੁਣ ਪੰਜਾਬ ਦੀ ਕਮਾਨ ਆਪਣੇ ਹੱਥਾਂ ਵਿੱਚ ਲੈ ਲਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਜਿਹੜੇ ਸਾਰੇ ਓਐਸਡੀ ਲੱਗੇ, ਉਹ ਕੇਜਰੀਵਾਲ ਹੀ ਕਰ ਰਿਹਾ ਹੈ। ਪੰਜਾਬ ਦੇ ਮੰਤਰੀਆਂ ਨੂੰ ਕਬਜ਼ੇ ਹੇਠ ਲੈ ਲਿਆ ਹੈ। ਅੱਜ ਦੇ ਐਮਓਯੂ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਹੀਂ ਬਲਕਿ ਅਰਵਿੰਦ ਕੇਜਰੀਵਾਲ ਬਣ ਗਏ ਹਨ। ਹੁਣ ਕੇਜਰੀਵਾਲ ਕਦੇ ਵੀ ਪੰਜਾਬ ਦੇ ਅਫਸਰਾਂ ਨੂੰ ਫੋਨ ਕਰਕੇ ਹੁਕਮ ਦੇ ਸਕਦਾ ਹੈ।
ਅੱਜ ਸੁਖਬੀਰ ਬਾਦਲ ਕਾਫੀ ਖਫਾ ਨਜ਼ਰ ਆਏ। ਉਨ੍ਹਾਂ ਕਿਹਾ ਕਿ ਅਜਿਹੀ ਰਾਜਨੀਤੀ 'ਤੇ ਲਾਹਨਤ ਹੈ। ਉਨ੍ਹਾਂ ਕਿਹਾ ਕਿ ਹੁਣ ਅੱਖਾਂ ਪੰਜਾਬ ਦੇ ਪਾਣੀਆਂ 'ਤੇ ਹਨ। ਹਰਿਆਣਾ ਵਿੱਚ ਪਾਣੀ ਦੀ ਗਰੰਟੀ ਦੇ ਰਹੇ ਹਨ। ਜਦੋਂ ਪੰਜਾਬ ਦੇ ਮੰਤਰੀ ਨੂੰ ਐਸਵਾਈਐਲ ਬਾਰੇ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕੋਈ ਟਿੱਪਣੀ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੰਤਰੀ ਕਿਸ ਤਰ੍ਹਾਂ ਬੋਲਣਗੇ, ਹੁਣ ਉਨ੍ਹਾਂ ਨੂੰ ਬੋਲਣ ਦੀ ਆਜ਼ਾਦੀ ਨਹੀਂ ਹੈ।
ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਕੇਜਰੀਵਾਲ ਦੀ ਹੈਸੀਅਤ ਸਿਰਫ਼ ਇੱਕ ਨਗਰ ਪਾਲਿਕਾ ਦੇ ਮੁਖੀ ਦੇ ਬਰਾਬਰ ਹੈ। ਉੱਥੇ ਐਲਜੀ ਦੀ ਚਲਦੀ ਹੈ। ਪਪਲਿਸ ਸੈਂਟਰ ਕੋਲ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਕਹਿ ਰਹੇ ਸੀ ਕਿ ਅਸੀਂ ਦਿੱਲੀ ਨੂੰ ਖੇਤੀ ਦੀ ਸਲਾਹ ਦੇਵਾਂਗੇ ਪਰ ਤੁਸੀਂ ਦਿੱਲੀ ਵਿੱਚ ਖੇਤੀ ਕਿੱਥੇ ਕਰੋਗੇ, ਰਾਸ਼ਟਰਪਤੀ ਭਵਨ ਵਿੱਚ ਜਾਂ ਕੈਨਟ ਪੈਲੇਸ ਵਿੱਚ?
ਉਨ੍ਹਾਂ ਕਿਹਾ ਕਿ ਦਿੱਲੀ ਕਿਸ ਤਰ੍ਹਾਂ ਪੰਜਾਬ ਤੋਂ ਆਪਣਾ ਮੁਨਾਫਾ ਦੇਖ ਰਹੀ ਹੈ, ਇਸ ਸਬੰਧੀ ਅੱਜ ਐਮਓਯੂ 'ਤੇ ਦਸਤਖਤ ਕੀਤੇ ਗਏ। ਭਗਵੰਤ ਮਾਨ ਨੇ ਆਪਣੀ ਕੁਰਸੀ ਬਚਾਉਣ ਲਈ ਅੱਜ ਪੰਜਾਬ ਨੂੰ ਦਿੱਲੀ ਦੇ ਪੈਰੀਂ ਲਾ ਦਿੱਤਾ। ਐਮਓਯੂ ਵਿੱਚ ਇੱਕ ਧਾਰਾ ਪਾਈ ਗਈ ਹੈ ਕਿ ਦੋਵਾਂ ਸਰਕਾਰਾਂ ਦੀ ਸਹਿਮਤੀ ਤੋਂ ਬਿਨਾਂ ਕੋਈ ਵੀ ਫੈਸਲਾ ਰੱਦ ਨਹੀਂ ਕੀਤਾ ਜਾ ਸਕਦਾ।