Punjab Law and Order:ਅਰਜੁਨ ਪੁਰਸਕਾਰ ਜੇਤੂ ਡੀਐਸਪੀ ਦਲਬੀਰ ਸਿੰਘ ਦੀ ਜਲੰਧਰ ਵਿੱਚ ਭੇਦਭਰੀ ਹਾਲਤ ਵਿੱਚ ਮੌਤ ਹੋਣ ਤੋਂ ਬਾਅਦ ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਮੰਗਲਵਾਰ ਨੂੰ ਕਿਹਾ ਕਿ ਸਾਲ ਦੇ ਪਹਿਲੇ ਦਿਨ ਹੀ ਇਹ ਸਾਬਤ ਹੋ ਗਿਆ ਹੈ ਕਿ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਸੁਚਾਰੂ ਬਣਾਉਣ 'ਚ ਪੂਰੀ ਤਰ੍ਹਾਂ ਅਸਮਰੱਥ ਹੈ। 


ਨਵੇਂ ਸਾਲ 2024 ਦੇ ਮੌਕੇ 'ਤੇ ਬਾਜਵਾ ਨੇ ਕਾਮਨਾ ਕੀਤੀ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਬਿਹਤਰ ਭਾਵਨਾ ਪ੍ਰਬਲ ਹੋਵੇ ਅਤੇ ਇਹ ਸੂਬੇ ਦੀ ਬਿਹਤਰੀ ਲਈ ਕੰਮ ਕਰਨਾ ਸ਼ੁਰੂ ਕਰੇ। 


ਉਨ੍ਹਾਂ ਕਿਹਾ ਕਿ ਪੰਜਾਬ ਦੀ 'ਆਪ' ਸਰਕਾਰ ਨੇ ਸਾਲ 2023 'ਚ ਜੋ ਕੀਤਾ, ਉਹ 2022 ਦੀਆਂ ਚੋਣਾਂ ਤੋਂ ਪਹਿਲਾਂ ਕੀਤੇ ਵਾਅਦੇ ਦੇ ਬਿਲਕੁਲ ਉਲਟ ਸੀ। ਬਾਜਵਾ ਨੇ ਕਿਹਾ ਕਿ ਸਰਕਾਰ ਪੰਜਾਬ ਦੇ ਲੋਕਾਂ ਦੀਆਂ ਉਮੀਦਾਂ ਮੁਤਾਬਕ ਕੰਮ ਕਰਨ ਤੋਂ ਕੋਹਾਂ ਦੂਰ ਰਹੀ। 


ਸੀਨੀਅਰ ਕਾਂਗਰਸੀ ਆਗੂ ਬਾਜਵਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ 'ਆਪ' ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਮੇਤ 'ਆਪ' ਦੀ ਸੀਨੀਅਰ ਲੀਡਰਸ਼ਿਪ ਨੇ ਸਰਕਾਰ ਬਣਨ ਦੇ ਚਾਰ ਮਹੀਨਿਆਂ ਦੇ ਅੰਦਰ ਨਸ਼ਿਆਂ ਨੂੰ ਖਤਮ ਕਰਨ ਦਾ ਸੰਕਲਪ ਲਿਆ ਸੀ।


ਹਾਲਾਂਕਿ, 15 ਅਗਸਤ, 2023 ਨੂੰ ਪੰਜਾਬ ਦੇ ਮੁੱਖ ਮੰਤਰੀ ਨੇ ਸੂਬੇ ਵਿੱਚ ਵੱਧ ਰਹੀ ਨਸ਼ਿਆਂ ਦੀ ਦੁਰਵਰਤੋਂ ਨੂੰ ਖਤਮ ਕਰਨ ਲਈ ਇੱਕ ਹੋਰ ਸਾਲ ਦੀ ਮੰਗ ਕੀਤੀ। ਇਸ ਦੌਰਾਨ, ਉਨ੍ਹਾਂ ਨੂੰ ਇੱਕ ਹੋਰ ਵਾਅਦਾ ਕੀਤੇ ਚਾਰ ਮਹੀਨੇ ਤੋਂ ਵੱਧ ਸਮਾਂ ਹੋ ਗਿਆ ਹੈ, ਅਤੇ ਉਨ੍ਹਾਂ ਨੇ ਰੋਡ ਸ਼ੋਅ ਅਤੇ ਸਾਈਕਲ ਰੈਲੀਆਂ ਕਰਨ ਤੋਂ ਇਲਾਵਾ ਕੁਝ ਨਹੀਂ ਕੀਤਾ ਹੈ। 


ਉਨ੍ਹਾਂ ਕਿਹਾ ਕਿ ਇਸ ਵਿੱਤੀ ਸਾਲ ਦੇ ਅੰਤ ਤੱਕ ਸੂਬੇ 'ਤੇ ਕਰਜ਼ਾ ਤਿੰਨ ਲੱਖ ਕਰੋੜ ਰੁਪਏ ਦੇ ਅੰਕੜੇ ਨੂੰ ਪਾਰ ਕਰ ਜਾਵੇਗਾ। ਬਾਜਵਾ ਨੇ ਕਿਹਾ ਕਿ ਰੇਤ ਮਾਈਨਿੰਗ ਤੋਂ 20,000 ਕਰੋੜ ਰੁਪਏ ਅਤੇ ਭ੍ਰਿਸ਼ਟਾਚਾਰ ਨੂੰ ਖਤਮ ਕਰਕੇ 34,000 ਕਰੋੜ ਰੁਪਏ ਵਰਗੇ ਵੱਖ-ਵੱਖ ਸਰੋਤਾਂ ਤੋਂ ਸੂਬੇ ਦਾ ਮਾਲੀਆ ਇਕੱਠਾ ਕਰਨ ਦੀ ਬਜਾਏ 'ਆਪ' ਸਰਕਾਰ ਭਾਰਤੀ ਰਿਜ਼ਰਵ ਬੈਂਕ ਸਮੇਤ ਕਈ ਵਿੱਤੀ ਏਜੰਸੀਆਂ ਤੋਂ ਕਰਜ਼ਾ ਲੈਂਦੀ ਰਹੀ। 


ਵਿਰੋਧੀ ਧਿਰ ਦੇ ਆਗੂ ਨੇ ਕਿਹਾ ਕਿ 2023 ਵਿੱਚ ਵੀ ਪੰਜਾਬ ਵਿੱਚ ਅਮਨ-ਕਾਨੂੰਨ ਦੀ ਸਥਿਤੀ ਮਾੜੀ ਰਹੀ। 2022 ਦੀ ਤਰ੍ਹਾਂ 2023 'ਚ ਵੀ ਅਪਰਾਧ ਦੀਆਂ ਭਿਆਨਕ ਘਟਨਾਵਾਂ ਵਾਪਰੀਆਂ ਅਤੇ 'ਆਪ' ਸਰਕਾਰ ਸਿਰਫ ਮੂਕ ਦਰਸ਼ਕ ਬਣ ਕੇ ਰਹਿ ਗਈ।  


ਬਾਜਵਾ ਨੇ ਕਿਹਾ ਕਿ ਮੈਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਜਿਨ੍ਹਾਂ ਕੋਲ ਗ੍ਰਹਿ ਵਿਭਾਗ ਵੀ ਹੈ, ਨੂੰ ਅਪੀਲ ਕਰਦਾ ਹਾਂ ਕਿ ਉਹ ਸੰਗਠਿਤ ਅਪਰਾਧਾਂ ਅਤੇ ਸੂਬੇ ਵਿੱਚ ਵੱਧ ਰਹੀ ਬੰਦੂਕ ਹਿੰਸਾ ਨਾਲ ਨਜਿੱਠਣ ਲਈ ਪ੍ਰਭਾਵਸ਼ਾਲੀ ਰਣਨੀਤੀ ਤਿਆਰ ਕਰਨ।