Punjab News : ਜਲੰਧਰ ਵਿਖੇ ਅੱਜ ਭਾਰਤੀ ਜਨਤਾ ਪਾਰਟੀ ਵੱਲੋਂ ਜਨਤਾ ਦੀ ਵਿਧਾਨ ਸਭਾ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਦੀ ਲੀਡਰਸ਼ਿਪ ਇਸ ਵਿਧਾਨ ਸਭਾ ਵਿੱਚ ਸ਼ਾਮਲ ਹੋਏ। ਇਸ ਵਿਧਾਨ ਸਭਾ ਵਿੱਚ ਖ਼ੁਦ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਸ਼ਰਮਾ ਵੀ ਮੌਜੂਦ ਰਹੇ।
ਪੰਜਾਬ ਦੇ ਵੱਖ-ਵੱਖ ਮੁੱਦਿਆਂ 'ਤੇ ਹੋਈ ਚਰਚਾ
ਇਕ ਪਾਸੇ ਜਿਥੇ ਅੱਜ ਪੰਜਾਬ ਸਰਕਾਰ ਵਿਧਾਨ ਸਭਾ ਵਿੱਚ ਸੈਸ਼ਨ ਚੱਲ ਰਿਹਾ ਸੀ ਉੱਥੇ ਹੀ ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਨੇ ਵੀ ਜਲੰਧਰ ਵਿੱਚ ਜਨਤਾ ਵਿਧਾਨ ਸਭਾ ਦਾ ਆਯੋਜਨ ਕੀਤਾ। ਜਿਸ ਵਿੱਚ ਪੰਜਾਬ ਦੇ ਅਲੱਗ-ਅਲੱਗ ਮੁੱਦਿਆਂ ਉੱਤੇ ਚਰਚਾ ਕੀਤੀ ਗਈ। ਇਸ ਮੌਕੇ ਭਾਰਤੀ ਜਨਤਾ ਪਾਰਟੀ ਦੇ ਵੱਖ-ਵੱਖ ਨੇਤਾਵਾਂ ਵੱਲੋਂ ਪੰਜਾਬ ਦੇ ਵੱਖ-ਵੱਖ ਮੁੱਦੇ ਜਿਨ੍ਹਾਂ ਵਿਚ ਕਿਸਾਨੀ, ਕਰੱਪਸ਼ਨ, ਸੁਰੱਖਿਆ ਇਸ ਦੇ ਨਾਲ-ਨਾਲ ਕਈ ਮੁੱਦਿਆਂ ਤੇ ਚਰਚਾ ਕੀਤੀ ਗਈ। ਇਸ ਮੌਕੇ ਸਭ ਤੋਂ ਪਹਿਲੇ ਬੀਜੇਪੀ ਦੇ ਸੀਨੀਅਰ ਲੀਡਰ ਤੀਕਸ਼ਣ ਸੂਦ ਨੂੰ ਦਿੱਲੀ ਵਿਧਾਨ ਸਭਾ ਦਾ ਸਪੀਕਰ ਬਣਾਇਆ ਗਿਆ।
ਹਰ ਮੁੱਦੇ ਉੱਤੇ ਫੇਲ੍ਹ ਹੁੰਦੀ ਹੋਈ ਨਜ਼ਰ ਆ ਰਹੀ ਆਪ ਪਾਰਟੀ : ਅਸ਼ਵਨੀ ਸ਼ਰਮਾ
ਜਨਤਾ ਦੀ ਵਿਧਾਨ ਸਭਾ ਦੇ ਆਯੋਜਨ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਪ੍ਰਦੇਸ਼ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਵਿੱਚ ਹਰ ਮੁੱਦੇ ਉੱਤੇ ਫੇਲ੍ਹ ਹੁੰਦੀ ਹੋਈ ਨਜ਼ਰ ਆ ਰਹੀ ਹੈ।
ਇਸ ਦੌਰਾਨ ਉਹਨਾਂ ਨੇ ਅਰਵਿੰਦ ਕੇਜਰੀਵਾਲ ਦੇ ਰਾਘਵ ਚੱਢਾ ਉੱਤੇ ਟਵੀਟ ਬਾਰੇ ਅਰਵਿੰਦ ਕੇਜਰੀਵਾਲ 'ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਅਰਵਿੰਦ ਕੇਜਰੀਵਾਲ ਨੂੰ ਨੇਤਾਗਿਰੀ ਛੱਡ ਕੇ ਲੋਕਾਂ ਦੀ ਭਵਿੱਖਬਾਣੀ ਕਰਨੀ ਸ਼ੁਰੂ ਕਰ ਦੇਣੀ ਚਾਹੀਦੀ ਹੈ। ਕਿਉਂਕਿ ਉਹ ਕੰਮ ਇਹ ਬਹੁਤ ਚੰਗੀ ਤਰ੍ਹਾਂ ਕਰ ਲੈਂਦੇ ਨੇ ਇਸੇ ਕਰਕੇ ਉਨ੍ਹਾਂ ਨੂੰ ਰਾਘਵ ਚੱਢਾ ਬਾਰੇ ਪਹਿਲਾਂ ਹੀ ਪਤਾ ਲੱਗ ਗਿਆ।
"ਆਪ' ਨਾਲ ਸੰਗਰੂਰ ਵਿੱਚ ਜੋ ਹੋਇਆ ਉਹੀ ਹੋਵੇਗਾ ਹੁਣ ਫਿਰ..."
ਇਸ ਦੌਰਾਨ ਉਹਨਾਂ ਆਉਣ ਵਾਲੀਆਂ ਨਗਰ ਨਿਗਮ ਚੋਣਾਂ ਬਾਰੇ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਇਨ੍ਹਾਂ ਚੋਣਾਂ ਲਈ ਆਪਣਾ ਹੋਮਵਰਕ ਸ਼ੁਰੂ ਕਰਦੇ ਹੋਏ ਆਪਣੀਆਂ ਟੀਮਾਂ ਨੂੰ ਕੰਮ ਉੱਤੇ ਲਾ ਦਿੱਤਾ ਗਿਆ ਹੈ ਅਤੇ ਇਨ੍ਹਾਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਦਾ ਉਹੀ ਹਾਲ ਹੋਵੇਗਾ ਜੋ ਹਾਲ ਸੰਗਰੂਰ ਵਿੱਚ ਹੋਇਆ ਹੈ।
ਉੱਥੇ ਹੀ ਰਾਘਵ ਚੱਢਾ ਬਾਰੇ ਕੇਜਰੀਵਾਲ ਦੇ ਟਵੀਟ ਉੱਪਰ ਇਹ ਟਿੱਪਣੀ ਕਰਦੇ ਹੋਏ ਭਾਜਪਾ ਨੇਤਾ ਸੁਨੀਲ ਜਾਖੜ ਨੇ ਕਿਹਾ ਕਿ ਉਹ ਆਪਣੀ ਪਾਰਟੀ ਵੱਲੋਂ ਅਰਵਿੰਦ ਕੇਜਰੀਵਾਲ ਨੂੰ ਵਿਸ਼ਵਾਸ ਦਿਵਾਉਂਦੇ ਨੇ ਅਗਰ ਇਹ ਰਾਘਵ ਚੱਢਾ ਉੱਤੇ ਕੋਈ ਦੋਸ਼ ਸਾਬਤ ਨਹੀਂ ਹੁੰਦਾ ਤੇ ਉਸ ਦਾ ਕੋਈ ਕੁਝ ਨਹੀਂ ਵਿਗਾੜ ਸਕਦਾ ਪਰ ਜੇ ਉਹ ਕਿਸੇ ਵੀ ਮਾਮਲੇ ਵਿਚ ਦੋਸ਼ੀ ਨਿਕਲਦੇ ਨੇ ਤਾਂ ਫਿਰ ਉਨ੍ਹਾਂ ਨੂੰ ਕੋਈ ਬਚਾ ਨਹੀਂ ਸਕਦਾ।