ਚੰਡੀਗੜ੍ਹ: ਸਰਕਾਰ ਬਣਨ ਤੋਂ ਇੱਕ ਮਹੀਨੇ ਬਾਅਦ ਹੀ ਆਮ ਆਦਮੀ ਪਾਰਟੀ ਅੰਦਰ ਬਾਗੀ ਸੁਰਾਂ ਉੱਠਣ ਲੱਗੀਆਂ ਜਿਸ ਨੂੰ ਲੈ ਕੇ ਪਾਰਟੀ ਸਖਤੀ ਉੱਪਰ ਉੱਤਰ ਆਈ ਹੈ। ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਖਿਲਾਫ ਮੋਰਚਾ ਖੋਲ੍ਹਣ ਵਾਲੇ ਲੀਡਰਾਂ ਨੂੰ ਪਾਰਟੀ ਵਿੱਚੋਂ ਸਸਪੈਂਡ ਕਰ ਦਿੱਤਾ ਗਿਆ ਹੈ। ਪਾਰਟੀ ਵੱਲੋਂ ਸਖ਼ਤ ਫੈਸਲਾ ਲੈਂਦਿਆਂ ਬਲਾਕ ਪ੍ਰਧਾਨ ਰਾਜੀਵ ਕੁਮਾਰ ਉਪਲ, ਵਪਾਰ ਮੰਡਲ ਦੇ ਪ੍ਰਧਾਨ ਚਰਨਜੀਤ ਖੁਰਾਣਾ ਤੇ ਜਨਰਲ ਸਕੱਤਰ ਸਾਹਿਲ ਕੁਮਾਰ ਮੌਂਗਾ ਨੂੰ ਮੁਅੱਤਲ ਕੀਤਾ ਗਿਆ ਹੈ।
ਦੱਸ ਦਈਏ ਕਿ ਆਮ ਆਦਮੀ ਪਾਰਟੀ ਦੇ ਵਰਕਰਾਂ ਤੇ ਆਗੂਆਂ ਵੱਲੋਂ ਆਪਣੀ ਹੀ ਪਾਰਟੀ ਦੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਦੀ ਰਿਹਾਇਸ਼ ਅੱਗੇ ਧਰਨਾ ਲਾ ਕੇ ਗੰਭੀਰ ਇਲਜ਼ਾਮ ਲਾਏ ਸੀ। ਉਨ੍ਹਾਂ ਕਿਹਾ ਸੀ ਕਿ ਕੈਬਨਿਟ ਮੰਤਰੀ ਦੂਜੀਆਂ ਪਾਰਟੀਆਂ ਤੋਂ ਆਏ ਲੀਡਰਾਂ ਦੀ ਸੁਣ ਰਹੀ ਹੈ ਤੇ ਪਾਰਟੀ ਦੇ ਪੁਰਾਣੇ ਵਰਕਰਾਂ ਤੇ ਲੀਡਰਾਂ ਨੂੰ ਅੱਖੋਂ ਓਹਲੇ ਕੀਤਾ ਜਾ ਰਿਹਾ ਹੈ।
ਇਸ ਬਾਰੇ ਕਾਬਨਿਟ ਮੰਤਰੀ ਬਲਜੀਤ ਕੌਰ ਨੇ ਕਿਹਾ ਕਿ ਧਰਨਾ ਲਾਉਣਾ ਹਰ ਵਿਅਕਤੀ ਦਾ ਹੱਕ ਹੈ ਪਰ ਉਸ ਤੋਂ ਪਹਿਲਾਂ ਗੱਲਬਾਤ ਦੇ ਰਾਹ ਪੈਣਾ ਚਾਹੀਦਾ ਹੈ, ਜਦੋਂਕਿ ਧਰਨਾਕਾਰੀਆਂ ਨੇ ਅਜਿਹਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਉਹ ਖ਼ੁਦ ਗੱਲਬਾਤ ਲਈ ਧਰਨੇ ਵਾਲੀ ਥਾਂ ’ਤੇ ਗਏ ਤੇ ਧਰਨਾਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਆਉਣ ਤੇ ਗੱਲਬਾਤ ਕਰਨ ਪਰ ਉਨ੍ਹਾਂ ਇਹ ਪ੍ਰਸਤਾਵ ਠੁਕਰਾ ਦਿੱਤਾ।
ਉਨ੍ਹਾਂ ਕਿਹਾ ਕਿ ਇਸ ਮਗਰੋਂ ਪਾਰਟੀ ਵੱਲੋਂ ਸਖ਼ਤ ਫੈਸਲਾ ਲੈਂਦਿਆਂ ਬਲਾਕ ਪ੍ਰਧਾਨ ਰਾਜੀਵ ਕੁਮਾਰ ਉਪਲ, ਵਪਾਰ ਮੰਡਲ ਦੇ ਪ੍ਰਧਾਨ ਚਰਨਜੀਤ ਖੁਰਾਣਾ ਅਤੇ ਜਨਰਲ ਸਕੱਤਰ ਸਾਹਿਲ ਕੁਮਾਰ ਮੌਂਗਾ ਨੂੰ ਮੁਅੱਤਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹਰ ਬੰਦੇ ਦੀ ਅਰਜ਼ੀ ’ਤੇ ਵਿਚਾਰ ਕੀਤਾ ਜਾਂਦਾ ਹੈ। ਸਾਰਾ ਕੰਮ ਕੰਪਿਊਟਰ ਵਿੱਚ ਦਰਜ ਹੁੰਦਾ ਹੈ ਕਿ ਕਿੰਨੀਆਂ ਅਰਜ਼ੀਆਂ ਦੇ ਕੰਮ ਮੁਕੰਮਲ ਹੋਏ ਤੇ ਕਿੰਨੀਆਂ ਅਰਜ਼ੀਆਂ ਬਕਾਇਆ ਪਈਆਂ ਹਨ। ਉਨ੍ਹਾਂ ਕਿਹਾ ਕਿ ਘਰ ’ਚ ਹੀ ਦਫ਼ਤਰ ਬਣਾਇਆ ਗਿਆ ਹੈ, ਜਿਸ ਦੀ ਜ਼ਿੰਮੇਵਾਰੀ ਰਮੇਸ਼ ਕੁਮਾਰ ਅਰਨੀਵਾਲਾ ਨੂੰ ਸੰਭਾਲੀ ਗਈ ਹੈ। ਉਨ੍ਹਾਂ ਮੁਸ਼ਕਲਾਂ ਸਬੰਧੀ ਦਫ਼ਤਰ ਦਾ ਨੰਬਰ 90562-67609 ਵੀ ਜਾਰੀ ਕੀਤਾ।
ਇਹ ਵੀ ਪੜ੍ਹੋ: Punjab News: ਪੰਜਾਬ ਦੇ ਥਾਣਿਆਂ ਦਾ ਬਦਲੇਗਾ ਪੂਰਾ ਸਟਾਫ? 'ਆਪ' ਵਿਧਾਇਕ ਥਾਣਿਆਂ 'ਚ ਅਕਾਲੀ ਦਲ ਤੇ ਕਾਂਗਰਸੀ ਲੀਡਰਾਂ ਦੇ ਰਸੂਖ ਤੋਂ ਔਖੇ